ਨੰਗਲ, 27 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਕੂਲ ਪ੍ਰਸ਼ਾਸਨ ਤੇ ਸਕੂਲ ਸੁਰੱਖਿਆ ਸਟਾਫ਼ ਨੂੰ ਝਕਾਨੀ ਦੇ ਕੇ ਸਕੂਲੋਂ ਚਾਣਚੱਕ ਖਿਸਕੀ ਇਕ ਵਿਦਿਆਰਥਣ ਸੁੱਖੀ ਸਾਦੀ ਘਰ ਪਰਤ ਆਈ ਹੈ | ਪੁਲਿਸ ਸੂਤਰਾਂ ਨੇ ਦੱਸਿਆ ਕਿ +2 ਦੀ ਇਹ ਵਿਦਿਆਰਥਣ ਰਾਏਪੁਰ ਨਹਿਰ ਪੁਲ ਕੋਲ ਖੜ੍ਹੀ ਸੀ | ਰੁਟੀਨ 'ਚ ਸੈਰ ਕਰਨ ਵਾਲਿਆਂ ਨੇ ਇਸ ਵਿਦਿਆਰਥਣ ਨੂੰ ਪੁਲਿਸ ਦੇ ਹਵਾਲੇ ਕੀਤਾ | ਪੁਲਿਸ ਨੇ ਇਲਾਕੇ ਦੇ ਇਕ ਪਿੰਡ ਤੋਂ ਲੜਕੀ ਦੇ ਮਾਪਿਆ ਨੂੰ ਸੱਦ ਕੇ ਲੜਕੀ ਉਨ੍ਹਾਂ ਨੂੰ ਸੌਂਪ ਦਿੱਤੀ | ਇਸ ਘਟਨਾਕ੍ਰਮ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਸਖ਼ਤੀ ਕਰ ਦਿੱਤੀ ਹੈ | ਸਕੂਲ ਸੂਤਰਾਂ ਨੇ ਦੱਸਿਆ ਕਿ ਲੜਕੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਸਖ਼ਤ ਫ਼ੈਸਲਾ ਕੀਤਾ ਗਿਆ ਹੈ ਕਿ ਸਿਰਫ਼ ਮਾਂ ਬਾਪ ਹੀ ਵਿਦਿਆਰਥਣਾਂ ਨੂੰ ਸਕੂਲੋਂ ਲਿਜਾ ਸਕਣਗੇ | ਸਕਾ ਭਰਾ ਵੀ ਸਕੂਲੋਂ ਆਪਣੀ ਭੈਣ ਨੂੰ ਨਹੀਂ ਲਿਜਾ ਸਕੇਗਾ | ਅੱਜ ਪਿੰਡ ਤਲਵਾੜਾ ਤੋਂ ਆਇਆ ਇਕ ਭਰਾ ਆਪਣੀ ਭੈਣ ਨੂੰ ਲੈਣ ਅੱਧਾ ਘੰਟਾ ਖੜ੍ਹਾ ਰਿਹਾ ਪਰ ਸਕੂਲ ਪ੍ਰਸ਼ਾਸਨ ਨੇ ਆਗਿਆ ਨਹੀਂ ਦਿੱਤੀ |