ਨੰਗਲ, 27 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. ਦੇ ਇਨਫੋਰਸਮੈਂਟ ਵਿਭਾਗ ਵਲੋਂ ਅੱਜ ਜੀ ਬਲਾਕ 'ਚ ਬਿਨਾਂ ਕਿਸੇ ਅਲਾਟਮੈਂਟ ਤੋਂ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ ਕੋਲੋਂ ਸੁਰੱਖਿਆ ਬਲਾਂ ਦੀ ਮਦਦ ਨਾਲ ਖਾਲੀ ਕਰਵਾਇਆ | ਇਸ ਮੌਕੇ ਐਸ. ਡੀ. ਓ. ਸਤਵਿੰਦਰ ਸਿੰਘ ਕੰਗ ਤੇ ਜੇ. ਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਇੰਜੀਨੀਅਰ ਸੀ. ਪੀ. ਸਿੰਘ ਦੇ ਨਿਰਦੇਸ਼ਾਂ ਅਤੇ ਐਸ. ਈ. ਹਰਜੋਤ ਸਿੰਘ ਵਾਲੀਆ ਅਤੇ ਐਕਸੀਅਨ ਸੁਰਿੰਦਰ ਧਿਮਾਨ ਦੇ ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਜੀ ਬਲਾਕ 'ਚ ਗੈਰ-ਕਾਨੂੰਨੀ ਤੌਰ 'ਤੇ ਖੋਲ੍ਹੇ ਗਏ ਕੁਆਰਟਰਾਂ ਨੂੰ ਜੇ. ਈ. ਗੌਰਵ ਸਾਹਨੀ, ਜੇ. ਈ. ਹਰਵਿੰਦਰ ਸਿੰਘ, ਸੰਜੀਵ ਸ਼ਰਮਾ ਪਟਵਾਰੀ, ਹਰਨੇਕ ਦੈਹਲ ਅਤੇ ਹੋਰ ਕਰਮਚਾਰੀਆਂ ਨੇ ਸੀ. ਆਈ. ਐਸ. ਐਫ. ਦੀ ਮਦਦ ਨਾਲ ਖਾਲੀ ਕਰਵਾਇਆ | ਇਨਫੋਰਸਮੈਂਟ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਕੁਆਰਟਰਾਂ ਸੰਬੰਧੀ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ | ਪਹਿਲਾਂ, ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ ਪਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ | ਜਿਸ ਕਾਰਨ ਅੱਜ ਵਿਭਾਗ ਨੇ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਇਨ੍ਹਾਂ ਘਰਾਂ ਨੂੰ ਖਾਲੀ ਕਰਵਾਇਆ | ਉਨ੍ਹਾਂ ਕਿਹਾ ਕਿ ਕੱਲ੍ਹ ਵੀ ਉਨ੍ਹਾਂ ਨੇ ਐਚ ਬਲਾਕ 'ਚ ਅੱਧਾ ਦਰਜਨ ਗੈਰ-ਕਾਨੂੰਨੀ ਤੌਰ 'ਤੇ ਖੁੱਲ੍ਹੇ ਕੁਆਰਟਰ ਖਾਲੀ ਕਰਵਾਏ ਸਨ | ਉਨ੍ਹਾਂ ਕਿਹਾ ਕਿ ਡਬਲ ਐਫ ਬਲਾਕ ਤੇ ਜੀ ਬਲਾਕ ਦੇ 18 ਕੁਆਰਟਰ ਖਾਲੀ ਕਰਵਾ ਲਏ ਗਏ ਹਨ | ਜਾਣਕਾਰੀ ਦਿੰਦੇ ਹੋਏ ਐਸ. ਡੀ. ਓ. ਸਤਵਿੰਦਰ ਕੰਗ ਨੇ ਦੱਸਿਆ ਕਿ ਇਨ੍ਹਾਂ ਸਾਰੇ ਕੁਆਰਟਰਾਂ ਦਾ ਸਾਮਾਨ ਮੌਜੂਦ ਬੀ. ਬੀ. ਐਮ. ਬੀ. ਕਰਮਚਾਰੀਆਂ ਦੁਆਰਾ ਇਕੱਠਾ ਕਰਕੇ ਮੁਰੰਮਤ ਸੈਕਸ਼ਨ 'ਚ ਜਮ੍ਹਾ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਦੇ ਵਾਪਸ ਆਉਣ 'ਤੇ, ਉਨ੍ਹਾਂ ਨੂੰ ਇਕ ਹਲਫ਼ਨਾਮਾ ਪ੍ਰਾਪਤ ਕਰਨ ਤੋਂ ਬਾਅਦ ਹੀ ਵਾਪਸ ਕੀਤਾ ਜਾਵੇਗਾ ਕਿ ਉਹ ਅਜਿਹੇ ਗੈਰ-ਕਾਨੂੰਨੀ ਕੁਆਰਟਰਾਂ 'ਤੇ ਦੁਬਾਰਾ ਕਬਜ਼ਾ ਨਹੀਂ ਕਰਨਗੇ | ਖਾਲੀ ਕੀਤੇ ਗਏ ਘਰਾਂ ਨੂੰ ਬਾਹਰੋਂ ਸਹੀ ਵੈਲਡਿੰਗ ਨਾਲ ਸੀਲ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਵਲੋਂ ਬਿਨਾਂ ਅਲਾਟਮੈਂਟ ਦੇ ਕੁਆਰਟਰਾਂ 'ਤੇ ਗੈਰ-ਕਾਨੂੰਨੀ ਤੌਰ 'ਤੇ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਖਾਲੀ ਕਰਵਾਇਆ ਗਿਆ ਅਤੇ ਬੀ. ਬੀ. ਐਮ. ਬੀ ਕੁਆਰਟਰਾਂ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿਣ ਵਾਲਿਆਂ ਵਿਰੁੱਧ ਕਾਰਵਾਈ ਲਗਾਤਾਰ ਕੀਤੀ ਜਾਵੇਗੀ |