ਪੁਰਖਾਲੀ, 27 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਕਿਹਾ ਕਿ ਪੰਜਾਬ 'ਚ ਆਏ ਹੜ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਜੋ ਹੜ੍ਹ ਆਏ ਉਹ ਕੁਦਰਤੀ ਹੜ੍ਹ ਨਹੀਂ, ਬਲਕਿ ਹੱਸਦੇ ਵੱਸਦੇ ਪੰਜਾਬ ਨੂੰ ਉਜਾੜਨ ਵਾਸਤੇ ਹੜ੍ਹ ਸਾਜਿਸ਼ ਤਹਿਤ ਲਿਆਂਦੇ ਗਏ | ਪਿੰਡ ਖਾਨਪੁਰ ਵਿਖੇ ਗੱਲਬਾਤ ਕਰਦਿਆਂ ਸ. ਮਾਨ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਪੰਜਾਬ ਨੂੰ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਸਾਜਿਸ਼ਾਂ ਰਚਦੀਆਂ ਆਈਆਂ ਹਨ, ਜਿਸ ਨੂੰ ਸਾਨੂੰ ਸਮਝਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਆਏ ਹੜ੍ਹਾਂ ਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ ਤੇ ਇਸ 'ਚ ਜਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਅੱਗੇ ਕਿਹਾ ਹੜ੍ਹਾਂ ਦੌਰਾਨ ਹੋਏ ਨੁਕਸਾਨ ਨੂੰ ਲੈ ਕੇ ਸਰਕਾਰ ਨੂੰ ਹੜ੍ਹ ਪੀੜਤਾਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਹਰ ਵਰਗ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਨ ਲਈ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਘਾੜ ਇਲਾਕੇ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀਆਂ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਨੂੰ ਨਦੀਆਂ/ਨਾਲੀਆਂ ਰਾਹੀਂ ਪੰਜਾਬ ਨੂੰ ਭਿਆਨਕ ਬਿਮਾਰੀਆਂ 'ਚ ਧੱਕਿਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਮਾਨ ਸਿੰਘ ਮਾਨ, ਜਥੇਦਾਰ ਰਣਜੀਤ ਸਿੰਘ ਸੰਤੋਖ ਗੜ੍ਹ ਪ੍ਰਧਾਨ ਜ਼ਿਲ੍ਹਾ ਰੋਪੜ,ਹਰਜੀਤ ਸਿੰਘ ਢੋਲਣ ਮਾਜਰਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਰੋਪੜ,ਚਰਨਜੀਤ ਸਿੰਘ ਕਾਲੂਵਾਲ, ਬਚਿੱਤਰ ਸਿੰਘ ਤੇ ਸੌਦਾਗਰ ਸਿੰਘ ਖਾਨਪੁਰ ਆਦਿ ਹਾਜ਼ਰ ਸਨ |