ਡੇਰਾਬੱਸੀ, 1 ਨਵੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੇ ਸੈਕਟਰ-17 ਵਿਖੇ ਪਾਣੀ ਦੀ ਟੈਂਕੀ ਨੇੜੇ ਡਰੇਨੇਜ਼ ਪਾਈਪ ਪਾਉਣ ਦੇ ਕੰਮ ਦੌਰਾਨ ਠੇਕੇਦਾਰ ਵਲੋਂ ਵਰਤੀ ਗਈ ਲਾਪ੍ਰਵਾਹੀ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ ਹੈ | ਕੰਮ ਦੌਰਾਨ ਜੇ. ਸੀ. ਬੀ. ਮਸ਼ੀਨ ਨਾਲ ਖੁਦਾਈ ਕਰਦੇ ਸਮੇਂ ਕਈ ਘਰਾਂ ਦੀ ਪੀਣ ਵਾਲੇ ਪਾਣੀ ਤੇ ਸੀਵਰੇਜ ਦੀ ਪਾਈਪ ਲਾਈਨ ਤੋੜ ਦਿੱਤੀ ਗਈ, ਜਿਸ ਕਰਕੇ ਲੋਕ ਕਈ ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਪੰਜ ਦਿਨਾਂ ਤੋਂ ਖੁਦਾਈ ਕਾਰਨ ਘਰਾਂ 'ਚ ਆਉਣ-ਜਾਣ ਸਮੇਂ ਵੀ ਦਿੱਕਤ ਆ ਰਹੀ ਹੈ | ਗਲੀਆਂ 'ਚ ਮਿੱਟੀ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਪਰ ਕੋਈ ਸਰਕਾਰੀ ਅਧਿਕਾਰੀ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਦੱਸਿਆ ਕਿ ਠੇਕੇਦਾਰ ਕੰਮ 'ਚ ਢਿੱਲ ਵਰਤ ਰਿਹਾ ਹੈ ਤੇ ਤੋੜੀਆਂ ਗਈਆਂ ਪਾਈਪ ਲਾਈਨਾਂ ਨੂੰ ਠੀਕ ਨਹੀਂ ਕਰਵਾ ਰਿਹਾ | ਇਸੇ ਦੌਰਾਨ ਇਕ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸ ਦੇ ਘਰ ਅੱਗੇ ਕਈ ਦਿਨਾਂ ਤੋਂ ਖੁਦਾਈ ਕੀਤੀ ਹੋਈ ਹੈ, ਜਿਸ ਕਾਰਨ ਉਹ ਘਰ ਤੋਂ ਬਾਹਰ ਨਹੀਂ ਨਿਕਲ ਸਕਦੀ | ਟੁੱਟੀ ਸੀਵਰੇਜ ਲਾਈਨ ਕਰਕੇ ਗੰਦਾ ਪਾਣੀ ਘਰਾਂ ਦੇ ਨੇੜੇ ਖੜ੍ਹਾ ਹੈ | ਇਸੇ ਤਰ੍ਹਾਂ ਕਿ੍ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਨਜ਼ਦੀਕ ਹੈ, ਪਰ ਠੇਕੇਦਾਰ ਨੇ ਬਿਨਾਂ ਜਾਣਕਾਰੀ ਦਿੱਤੇ ਘਰ ਅੱਗੇ ਖੁਦਾਈ ਕਰ ਦਿੱਤੀ | ਉਨ੍ਹਾਂ ਕਿਹਾ ਕਿ ਪੂਰੀ ਗਲੀ ਪੁੱਟੀ ਹੋਣ ਕਰਕੇ ਉਨ੍ਹਾਂ ਦਾ ਘਰਾਂ 'ਚ ਆਉਣਾ-ਜਾਣਾ ਵੀ ਮੁਸ਼ਕਿਲ ਹੋ ਗਿਆ ਹੈ | ਉਸ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਟੁੱਟਣ ਨਾਲ ਪਰਿਵਾਰ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਠੇਕੇਦਾਰ ਵਲੋਂ ਸੁਣਵਾਈ ਨਾ ਹੋਣ ਕਰਕੇ ਉਸ ਨੇ ਆਪਣੇ ਪੱਧਰ 'ਤੇ ਪੈਸੇ ਖ਼ਰਚ ਕਰਕੇ ਪਾਣੀ ਦਾ ਕੁਨੈਕਸ਼ਨ ਠੀਕ ਕਰਵਾਇਆ | ਉਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਬਾਰੇ ਠੇਕੇਦਾਰ ਮਨੀਸ਼ ਬਹਿਲ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮਜ਼ਦੂਰਾਂ ਦੀ ਗ਼ਲਤੀ ਕਾਰਨ ਕੁਝ ਘਰਾਂ ਦੀ ਪਾਣੀ ਅਤੇ ਸੀਵਰੇਜ ਦੀ ਲਾਈਨ ਟੁੱਟ ਗਈ ਹੈ | ਉਸ ਨੇ ਭਰੋਸਾ ਦਿੱਤਾ ਕਿ ਜਲਦ ਹੀ ਸਾਰੀਆਂ ਟੁੱਟੀਆਂ ਲਾਈਨਾਂ ਠੀਕ ਕਰਵਾ ਦਿੱਤੀਆਂ ਜਾਣਗੀਆਂ |