ਰੂਪਨਗਰ, 31 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਅੱਜ ਗਾਂਧੀ ਸਕੂਲ ਰੋਪੜ ਵਿਖੇ ਰਾਸ਼ਟਰੀ ਏਕਤਾ ਦਿਵਸ ਬੜੇ ਉਤਸ਼ਾਹ ਅਤੇ ਜਜ਼ਬੇ ਨਾਲ ਮਨਾਇਆ ਗਿਆ | ਇਹ ਦਿਨ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਭਾਰਤ ਦੇ ਏਕਤ੍ਰੀਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ | ਸਮਾਰੋਹ ਦੀ ਸ਼ੁਰੂਆਤ ਵਿਚ ਰੋਟਰੀ ਕਲੱਬ ਦੇ ਪ੍ਰਧਾਨ ਸੁਧੀਰ ਸ਼ਰਮਾ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਰੋਟਰੀ ਦੀਆਂ ਸਮਾਜਿਕ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰੇਮ ਮਿੱਤਲ, ਡੀ.ਈ.ਓ. (ਸੀਨੀਅਰ ਸੈਕੰਡਰੀ), ਰੋਪੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਰੋਟਰੀ ਕਲੱਬ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਹੁਨਰ ਅਤੇ ਵਿਅਕਤੀਤਵ ਵਿਕਾਸ 'ਤੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ | ਮਹਿਮਾਨ ਵਿਸ਼ੇਸ਼ ਪੀ.ਡੀ.ਜੀ. ਡਾ. ਆਰ.ਐਸ. ਪਰਮਾਰ ਅਤੇ ਪੀ.ਡੀ.ਜੀ. ਡਾ. ਚੇਤਨ ਅਗਰਵਾਲ ਨੇ ਸਰਦਾਰ ਪਟੇਲ ਦੀ ਰਾਸ਼ਟਰ ਨਿਰਮਾਣ ਵਿਚ ਭੂਮਿਕਾ ਉਤੇ ਚਾਨਣਾ ਪਾਇਆ | ਡਾ. ਪਰਮਾਰ ਨੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਅਤੇ ਵਚਨਬੱਧ ਨਾਗਰਿਕ ਬਣਨ ਦਾ ਸੰਦੇਸ਼ ਦਿੱਤਾ | ਸਮਾਗਮ ਦੌਰਾਨ 12 ਸਥਾਨਕ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਦੀ ਨੁਮਾਇੰਦਗੀ ਕਰਦਿਆਂ ਆਪਣੇ ਪਹਿਰਾਵੇ ਅਤੇ ਪ੍ਰਦਰਸ਼ਨ ਰਾਹੀਂ ਸਿਰਜਣਾਤਮਕਤਾ ਅਤੇ ਦੇਸ਼ਭਗਤੀ ਦਾ ਪ੍ਰਗਟਾਵਾ ਕੀਤਾ | ਮੁਕਾਬਲੇ ਵਿਚ ਸ਼ਿਵਾਲਿਕ ਪਬਲਿਕ ਸਕੂਲ ਰੋਪੜ ਨੇ ਜੂਨੀਅਰ ਸ਼੍ਰੇਣੀ ਜਿੱਤੀ, ਜਦਕਿ ਹੋਲੀ ਫੈਮਿਲੀ ਸਕੂਲ ਰੋਪੜ ਨੇ ਸੀਨੀਅਰ ਸ਼੍ਰੇਣੀ ਜਿੱਤੀ | ਓਵਰਆਲ ਟਰਾਫੀ ਹੋਲੀ ਫੈਮਿਲੀ ਸਕੂਲ ਨੇ ਜਿੱਤੀ, ਗਾਂਧੀ ਮੈਮੋਰੀਅਲ ਸਕੂਲ ਦੂਜੇ ਸਥਾਨ 'ਤੇ ਰਿਹਾ | ਸ਼ਿਵਾਲਿਕ ਸਕੂਲ ਦੀ ਮੁਕਾਬਲੇ ਦੇ ਜੱਜ ਆਰ.ਟੀ.ਐਨ. ਨੀਨੂ ਸਤਿਆਲ ਅਤੇ ਡਾ. ਗੁਰਵਿੰਦਰ ਕੌਰ ਸਨ | ਇਹ ਸਮਾਗਮ ਪੀ.ਪੀ. ਪ੍ਰੋਫੈਸਰ ਪ੍ਰਭਜੀਤ ਸਿੰਘ (ਡਾਇਰੈਕਟਰ ਯੂਥ) ਅਤੇ ਗਗਨ ਸੈਣੀ ਦੀ ਅਗਵਾਈ ਹੇਠ ਸਫਲਤਾ ਪੂਰਵਕ ਕਰਵਾਇਆ ਗਿਆ | ਸਮਾਪਤੀ 'ਤੇ ਕਲੱਬ ਸਕੱਤਰ ਡਾ. ਅੰਕੁਰ ਵਾਹੀ ਨੇ ਧੰਨਵਾਦ ਪ੍ਰਗਟਾਇਆ |