ਐੱਸ. ਏ. ਐੱਸ. ਨਗਰ, 1 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 69ਵੀਆਂ ਰਾਜ ਪੱਧਰੀ ਸਕੂਲ ਖੇਡਾਂ ਦੌਰਾਨ ਲੜਕੀਆਂ ਦੇ 14 ਸਾਲ ਉਮਰ ਵਰਗ ਦੇ ਬਾਸਕਟਬਾਲ ਮੁਕਾਬਲੇ ਅੱਜ ਮੁਕੰਮਲ ਹੋ ਗਏ | ਅੱਜ ਦੇ ਫਸਵੇਂ ਫਾਈਨਲ ਮੁਕਾਬਲੇ ਵਿਚ ਲੁਧਿਆਣਾ ਦੀ ਟੀਮ ਨੂੰ ਹਰਾ ਕੇ ਮੇਜ਼ਬਾਨ ਮੁਹਾਲੀ ਦੀਆਂ ਕੁੜੀਆਂ ਰਾਜ ਜੇਤੂ ਬਣੀਆਂ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਹੇਠ ਹੋ ਰਹੇ ਬਾਸਕਟਬਾਲ ਮੁਕਾਬਲਿਆਂ ਦੇ ਸੈਮੀਫਾਈਨਲ ਗੇੜ ਵਿਚ ਲੁਧਿਆਣਾ ਨੇ ਪਟਿਆਲਾ ਨੂੰ ਅਤੇ ਮੁਹਾਲੀ ਨੇ ਮਾਨਸਾ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ | ਮੇਜ਼ਬਾਨ ਮੁਹਾਲੀ ਤੇ ਲੁਧਿਆਣਾ ਵਿਚਕਾਰ ਖੇਡੇ ਗਏ ਫਾਈਨਲ ਮੈਚ ਦਾ ਉਦਘਾਟਨ ਅੱਜ ਡਿਪਟੀ ਡਾਇਰੈਕਟਰ (ਸਪੋਰਟਸ) ਸੁਨੀਲ ਕੁਮਾਰ ਨੇ ਕੀਤਾ | ਅੱਜ ਦਾ ਫਾਈਨਲ ਮੈਚ ਬਹੁਤ ਹੀ ਸੰਘਰਸ਼ ਭਰਪੂਰ ਰਿਹਾ | ਅੱਜ ਪਹਿਲੇ ਅੱਧ ਤੱਕ ਲੁਧਿਆਣਾ ਦੀ ਟੀਮ ਵੱਡੇ ਅੰਤਰ ਨਾਲ ਅੱਗੇ ਰਹੀ, ਜਦਕਿ ਦੂਜੇ ਅੱਧ ਵਿਚ ਮੇਜ਼ਬਾਨ ਟੀਮ ਨੇ ਪਾਸਾ ਪਲਟਦਿਆਂ ਲੁਧਿਆਣਾ ਨੂੰ ਫਸਵੇਂ ਮੁਕਾਬਲੇ ਵਿਚ 59-57 ਦੇ ਅੰਤਰ ਨਾਲ ਹਰਾ ਕੇ ਟਰਾਫ਼ੀ ਆਪਣੇ ਨਾਂ ਕੀਤੀ | ਇਸ ਦੌਰਾਨ ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ ਵਿਚ ਪਟਿਆਲਾ ਨੇ ਮਾਨਸਾ ਨੂੰ 44-30 ਦੇ ਅੰਤਰ ਨਾਲ ਹਰਾਇਆ | ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਦੱਸਿਆ ਕਿ ਜੇਤੂ ਰਹੀ ਮੇਜ਼ਬਾਨ ਟੀਮ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ | ਇਸ ਮੌਕੇ ਅਮਨਦੀਪ ਕੌਰ ਗਿੱਲ, ਪਰਮਵੀਰ ਕੌਰ, ਲਕਸ਼ਮੀ ਦੇਵੀ, ਰਾਜਵੀਰ ਕੌਰ, ਹਰਪ੍ਰੀਤ ਸਿੰਘ ਲੌਂਗੀਆ, ਨਵਦੀਪ ਚੌਧਰੀ, ਜਸਵਿੰਦਰ ਸਿੰਘ, ਏਕਜੋਤ ਸਿੰਘ, ਅਮਰੀਕ ਸਿੰਘ, ਸੁਰਿੰਦਰ ਸਿੰਘ, ਸ਼ੁਭਮ ਸ਼ਰਮਾ, ਰਵੀ ਨਾਢਾ, ਸੰਦੀਪ ਸਿੰਘ, ਮਨਪ੍ਰੀਤ ਸਿੰਘ, ਕਿ੍ਸ਼ਨ ਮਹਿਤਾ, ਨਵਦੀਪ ਸੈਣੀ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਲਖਵੀਰ ਸਿੰਘ, ਅਮਨਦੀਪ ਕੌਰ ਆਦਿ ਤੋਂ ਇਲਾਵਾ ਹੋਰ ਖੇਡ ਅਧਿਆਪਕ ਹਾਜ਼ਰ ਸਨ |