ਰੂਪਨਗਰ, 21 ਨਵੰਬਰ (ਸਟਾਫ਼ ਰਿਪੋਰਟਰ)-ਸ੍ਰੀ ਚਮਕੌਰ ਸਾਹਿਬ ਦੇ ਬੇਲਾ ਖੇਤਰ ਵਿਚ ਇਕ ਪਿੰਡ ਦੀ 13 ਸਾਲ ਦੀ ਲੜਕੀ ਨਾਲ ਇਕ ਪਿੰਡ ਦੇ ਲੜਕੇ ਵਲੋਂ ਬਦਫੈਲੀ ਕਰਨ ਦਾ ਮਾਮਲਾ 8 ਦਸੰਬਰ 2024 ਨੂੰ ਥਾਣਾ ਸ੍ਰੀ ਚਮਕੌਰ ਸਾਹਿਬ ਵਿਚ ਐਫ. ਆਈ. ਆਰ. ਨੰਬਰ 0116 ਤਹਿਤ ਦਰਜ ਹੋਇਆ ਸੀ | ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲਿਸ ਵਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ | ਪਰਿਵਾਰਕ ਮੈਂਬਰਾਂ ਨੇ ਐਸ. ਐਸ. ਪੀ. ਰੂਪਨਗਰ ਨੂੰ ਦਿੱਤੀ ਅਰਜ਼ੀ ਵਿਚ ਕਿਹਾ ਹੈ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਦੀ ਨਾ ਕੋਈ ਗਿ੍ਫ਼ਤਾਰੀ ਹੋਈ ਹੈ ਤੇ ਨਾ ਹੀ ਜਾਂਚ ਅੱਗੇ ਵਧਾਈ ਗਈ | ਉਲਟਾ, ਉਹ ਪੀੜਤ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਖੁੱਲ੍ਹੇਆਮ ਇਲਾਕੇ 'ਚ ਘੁੰਮਦਾ ਹੈ | ਪਰਿਵਾਰ ਅਨੁਸਾਰ ਮੁਲਜ਼ਮ ਦਾਅਵਾ ਕਰਦਾ ਹੈ ਕਿ 'ਪੁਲਿਸ ਕਰਮਚਾਰੀ ਸਾਡੇ ਨਾਲ ਹਨ, ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ' | ਪਰਿਵਾਰ ਨੇ ਇਹ ਵੀ ਦੱਸਿਆ ਹੈ ਕਿ ਰੂਪਨਗਰ ਸਰਕਾਰੀ ਹਸਪਤਾਲ ਵਲੋਂ ਐਮ. ਐਲ. ਆਰ. ਵੀ ਤਿਆਰ ਕੀਤੀ ਗਈ ਸੀ, ਜਿਸ ਦਾ ਰਿਕਾਰਡ ਥਾਣਾ ਬੇਲਾ ਵਿਚ ਮੌਜੂਦ ਹੈ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ | ਪੀੜਤ ਪਰਿਵਾਰ ਨੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਕਿ ਲੜਕੀ ਜਦੋਂ ਸਕੂਲ ਆਉਂਦੀ-ਜਾਂਦੀ ਹੈ, ਮੁਲਜ਼ਮ ਉਸਦਾ ਪਿੱਛਾ ਕਰਦਾ ਹੈ ਤੇ ਤੰਗ-ਪ੍ਰੇਸ਼ਾਨ ਕਰਦਾ ਹੈ | ਉਨ੍ਹਾਂ ਨੇ ਐਸ. ਐਸ. ਪੀ. ਰੂਪਨਗਰ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਪਰਿਵਾਰ ਜਾਂ ਲੜਕੀ ਨੂੰ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ, ਤਾਂ ਇਸ ਦਾ ਜ਼ਿੰਮੇਵਾਰ ਮੁਲਜ਼ਮ ਦੇ ਨਾਲ-ਨਾਲ ਕਾਰਵਾਈ ਨਾ ਕਰਨ ਵਾਲੀ ਪੁਲਿਸ ਵੀ ਹੋਵੇਗੀ | ਪਰਿਵਾਰ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਉਸ ਨੂੰ ਜੇਲ੍ਹ ਭੇਜਿਆ ਜਾਵੇ |