ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਤੇ ਸਹਿਯੋਗੀ ਜਥੇਬੰਦੀਆਂ ਦੇ ਇਕ ਵਫ਼ਦ ਨੇ ਮਾਸਟਰ ਅਵਤਾਰ ਸਿੰਘ (ਲੋਦੀ ਮਾਜਰਾ) ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰੂਪਨਗਰ ਦੇ ਨੁਮਾਇੰਦੇ ਜਸਜੀਤ ਸਿੰਘ ਫੀਲਡ ਅਫ਼ਸਰ ਮੁੱਖ ਮੰਤਰੀ ਦਫ਼ਤਰ ਰਾਹੀਂ ਪੰਜਾਬ ਦੇ ਵਿੱਤ ਮੰਤਰੀ ਨੂੰ ਇਕ ਰੋਸ ਪੱਤਰ ਭੇਜਿਆ ਹੈ | ਰੋਸ ਪੱਤਰ ਦੀਆਂ ਕਾਪੀਆਂ ਸਪੀਡ ਪੋਸਟ, ਵਟਸਐਪ ਤੇ ਈਮੇਲ ਰਾਹੀਂ ਵੱਖ-ਵੱਖ ਅਧਿਕਾਰੀਆਂ ਨੂੰ ਵੀ ਭੇਜੀਆਂ ਗਈਆਂ | ਮਹਾ ਸੰਘ ਦੇ ਜਨਰਲ ਸਕੱਤਰ ਬੀ. ਐਸ. ਸੈਣੀ ਨੇ ਦੱਸਿਆ ਕਿ ਵਿੱਤ ਮੰਤਰੀ ਵਲੋਂ 27 ਅਕਤੂਬਰ 2025 ਨੂੰ ਮੀਟਿੰਗ ਲਈ ਸਮਾਂ ਤੈਅ ਕੀਤਾ ਗਿਆ ਸੀ, ਪਰ ਮੀਟਿੰਗ ਨੂੰ ਆਖਰੀ ਵੇਲੇ ਰੱਦ ਕਰ ਦਿੱਤਾ ਗਿਆ | ਇਸ ਤੋਂ ਪਹਿਲਾਂ ਵੀ ਕਈ ਵਾਰ ਮੀਟਿੰਗਾਂ ਦੀਆਂ ਤਾਰੀਖਾਂ ਬਦਲੀਆਂ ਗਈਆਂ, ਜਿਸ ਕਾਰਨ ਪੈਨਸ਼ਨਰਾਂ 'ਚ ਰੋਸ, ਬੇਚੈਨੀ ਤੇ ਸਰਕਾਰ ਪ੍ਰਤੀ ਬੇਭਰੋਸਗੀ ਵਧ ਰਹੀ ਹੈ | ਉਨ੍ਹਾਂ ਦੱਸਿਆ ਕਿ 18 ਨਵੰਬਰ ਨੂੰ ਤੈਅ ਮੀਟਿੰਗ ਵੀ 17 ਨਵੰਬਰ ਨੂੰ ਰੱਦ ਕਰ ਦਿੱਤੀ ਗਈ ਅਤੇ ਹੁਣ ਅਗਲੀ ਤਰੀਕ 10 ਦਸੰਬਰ 2025 ਦਿੱਤੀ ਗਈ ਹੈ | ਰੋਸ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ 10 ਦਸੰਬਰ ਦੀ ਮੀਟਿੰਗ ਹਰ ਹਾਲਤ 'ਚ ਕੀਤੀ ਜਾਵੇ, ਤਾਂ ਜੋ ਪੈਨਸ਼ਨਰਾਂ ਦੀਆਂ ਛੇਵੇਂ ਪੇ ਕਮਿਸ਼ਨ ਨਾਲ ਸੰਬੰਧਤ ਜਾਇਜ਼ ਮੰਗਾਂ 'ਤੇ ਸਾਰਥਕ ਵਿਚਾਰ-ਵਟਾਂਦਰਾ ਹੋ ਸਕੇ | ਜਥੇਬੰਦੀਆਂ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕਰਮ ਸਿੰਘ ਧਨੋਆ ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਤੇ ਸਹਿਯੋਗੀ ਜਥੇਬੰਦੀਆਂ ਦਾ ਹਿੱਸਾ ਨਹੀਂ ਹਨ, ਇਸ ਲਈ ਵਿੱਤ ਮੰਤਰੀ ਨਾਲ ਮੀਟਿੰਗ 'ਚ ਕਿਸੇ ਤੀਜੀ ਧਿਰ ਨੂੰ ਸ਼ਾਮਿਲ ਨਾ ਕੀਤਾ ਜਾਵੇ | ਯਾਦ ਰਹੇ ਕਿ 17 ਅਕਤੂਬਰ ਨੂੰ ਪੰਜਾਬ ਸਰਕਾਰ ਵਿਰੁੱਧ ਰੈਲੀ ਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ, ਜੋ ਕਿ 27 ਅਕਤੂਬਰ ਦੀ ਮੀਟਿੰਗ ਤੈਅ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਸੀ | ਪਰ ਚੰਡੀਗੜ੍ਹ ਸਕੱਤਰੇਤ ਪਹੁੰਚਣ 'ਤੇ ਮੀਟਿੰਗ ਦੇ ਰੱਦ ਹੋਣ ਨਾਲ ਜਥੇਬੰਦੀਆਂ 'ਚ ਨਾਰਾਜ਼ਗੀ ਹੋਰ ਵਧ ਗਈ ਹੈ | ਵਫਦ 'ਚ ਬੀ. ਐਸ. ਸੈਣੀ, ਇੰਜੀਨੀਅਰ ਅਵਤਾਰ ਸਿੰਘ ਲੌਂਗੀਆ, ਇੰਜੀਨੀਅਰ ਰਜੀਵ ਭਾਰਤੀ, ਰਾਜ ਕੁਮਾਰ ਮਰਿੰਡਾ, ਗੁਰਮੇਲ ਸਿੰਘ, ਜੇਪੀ ਸਿੰਘ ਰੂਪਨਗਰ ਆਦਿ ਆਗੂ ਸ਼ਾਮਿਲ ਸਨ |