ਰੂਪਨਗਰ, 22 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਐਲਾਨਣ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਰੂਪਨਗਰ ਪੈੱ੍ਰਸ ਕਲੱਬ ਵਿਖੇ ਕਾਨਫ਼ਰੰਸ ਕਰਕੇ ਸਖ਼ਤ ਪ੍ਰਤੀਕਿਰਿਆ ਜਤਾਈ | ਪੈੱ੍ਰਸ ਕਾਨਫ਼ਰੰਸ ਦੀ ਅਗਵਾਈ ਕੌਮੀ ਸਕੱਤਰ ਕੁਸ਼ਲਪਾਲ ਸਿੰਘ ਨੇ ਕੀਤੀ | ਇਸ ਮੌਕੇ ਐਡਵੋਕੇਟ ਸਿਮਰਨਜੀਤ ਸਿੰਘ (ਪੰਜਾਬ-ਹਰਿਆਣਾ ਹਾਈ ਕੋਰਟ), ਰਣਜੀਤ ਸਿੰਘ ਸੰਤੋਖਗੜ੍ਹ, ਸੁਰਿੰਦਰ ਸਿੰਘ (ਰਿਟਾਇਰਡ ਇੰਸਟਰਕਟਰ), ਬਲਵਿੰਦਰ ਸਿੰਘ ਚਮਕੌਰ ਸਾਹਿਬ, ਬੀਬੀ ਤੇਜ ਕੌਰ, ਹਰਪ੍ਰੀਤ ਸਿੰਘ ਚਿਤਾਮਲਾ, ਗੁਰਪ੍ਰੀਤ ਸਿੰਘ, ਪੰਮਾ, ਜਸਬੀਰ ਸਿੰਘ, ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਕੰਗ, ਐਡਵੋਕੇਟ ਯਸ਼ਪਾਲ ਗੰਗੜ ਤੇ ਹੋਰ ਆਗੂ ਸ਼ਾਮਿਲ ਸਨ | ਨੇਤਾਵਾਂ ਨੇ ਦੋਸ਼ ਲਗਾਇਆ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਸਿਰਫ਼ 'ਰਾਜਨੀਤਿਕ ਦਿਖਾਵਾ' ਹੈ, ਜਦਕਿ ਸ਼ਹਿਰ ਦੀਆਂ ਸੜਕਾਂ ਤੇ ਸਰਕਾਰੀ ਸਹੂਲਤਾਂ ਦੀ ਹਕੀਕਤ ਹੈਰਾਨ ਕਰਨ ਵਾਲੀ ਹੈ | ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਦੀ ਮੁਰੰਮਤ ਤੱਕ ਕਾਰ ਸੇਵਾ 'ਤੇ ਛੱਡੀ ਹੋਈ ਹੈ, ਜਦਕਿ ਸਰਕਾਰ ਆਪਣੀ ਮੁੱਖ ਜ਼ਿੰਮੇਵਾਰੀ ਤੋਂ ਪਿੱਛੇ ਹਟਦੀ ਦਿੱਖ ਰਹੀ ਹੈ | ਆਗੂਆਂ ਨੇ ਕਿਹਾ, 'ਜ਼ਿਲ੍ਹੇ ਤੋੜ ਕੇ ਹੋਰ ਛੋਟੇ ਜ਼ਿਲ੍ਹੇ ਬਣਾਉਣਾ ਹੱਲ ਨਹੀਂ ਹੁੰਦਾ | ਪੰਜਾਬ ਦੇ ਕਈ ਨਵੇਂ ਜ਼ਿਲਿ੍ਹਆਂ ਦਾ ਬੁਨਿਆਦੀ ਢਾਂਚਾ ਅੱਜ ਵੀ ਅਧੂਰਾ ਹੈ | ਅਨੰਦਪੁਰ ਸਾਹਿਬ ਦੀ ਸ਼ਾਨ ਆਪਣੇ ਆਪ 'ਚ ਬੇਮਿਸਾਲ ਹੈ, ਇਸ ਨੂੰ ਜ਼ਿਲ੍ਹਾ ਬਣਾਉਣ ਨਾਲ ਨਹੀਂ, ਸਗੋਂ ਵਿਕਾਸਕਾਰੀ ਨਿਵੇਸ਼ ਨਾਲ ਹੋਰ ਉੱਚਾ ਚੁੱਕਿਆ ਜਾ ਸਕਦਾ ਹੈ | ਅਕਾਲੀ ਦਲ ਅੰਮਿ੍ਤਸਰ ਨੇ ਸੁਝਾਅ ਦਿੱਤਾ ਕਿ ਜੇ ਸਰਕਾਰ ਸੱਚਮੁੱਚ ਅਨੰਦਪੁਰ ਸਾਹਿਬ ਨੂੰ ਵਿਸ਼ਵ ਨਕਸ਼ੇ 'ਤੇ ਲਿਆਉਣਾ ਚਾਹੁੰਦੀ ਹੈ, ਤਾਂ ਗੁਰੂਆਂ ਦੇ ਨਾਂਅ 'ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਰਿਸਰਚ ਸੈਂਟਰ, ਵਿਰਾਸਤੀ ਅਧਿਐਨ ਅਦਾਰੇ, ਸੈਰ-ਸਪਾਟਾ ਢਾਂਚਾ ਤੇ ਆਧੁਨਿਕ ਸੁਵਿਧਾਵਾਂ ਵਿਕਸਤ ਕੀਤੀਆਂ ਜਾਣ | ਰੂਪਨਗਰ ਜ਼ਿਲ੍ਹੇ ਦੀ ਅਣਦੇਖੀ 'ਤੇ ਵੀ ਨੇਤਾਵਾਂ ਨੇ ਗੰਭੀਰ ਚਿੰਤਾ ਜਤਾਈ | ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰਾਂ ਨੇ ਇਸ ਜ਼ਿਲ੍ਹੇ ਦੀਆਂ ਹੱਦਾਂ ਘਟਾਉਣ ਤੇ ਇਸ ਦੇ ਵਜੂਦ ਨੂੰ ਕਮਜ਼ੋਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ | ਮੌਜੂਦਾ ਸਰਕਾਰ ਵਲੋਂ ਵੀ ਰੂਪਨਗਰ ਦੇ ਇਲਾਕੇ ਹੋਰਨਾਂ ਜ਼ਿਲਿ੍ਹਆਂ ਵਿਚ ਸ਼ਾਮਿਲ ਕਰਨ ਦੀਆਂ ਚਰਚਾਵਾਂ ਚਿੰਤਾ ਦਾ ਵਿਸ਼ਾ ਹਨ | ਆਗੂਆਂ ਨੇ ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਦੇ ਅੱਗੇ ਨਤਮਸਤਕ ਹਨ, ਪਰ ਜ਼ਿਲ੍ਹਾ ਬਣਾਉਣਾ ਸਿਰਫ਼ ਇਕ ਐਲਾਨ ਭਰ ਹੈ | ਅਸਲੀ ਵਿਕਾਸ-ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਰੋਜ਼ਗਾਰ ਦੇ ਮੌਕੇ, ਸੈਰ-ਸਪਾਟਾ ਵਧਾਉਣ ਅਤੇ ਦੁਨੀਆ-ਪੱਧਰੀ ਸਿੱਖ ਅਧਿਐਨ ਅਦਾਰੇ ਬਣਾਉਣ ਨਾਲ ਹੀ ਹੁੰਦਾ ਹੈ |