ਸ੍ਰੀ ਅਨੰਦਪੁਰ ਸਾਹਿਬ, 23 ਨਵੰਬਰ (ਕਰਨੈਲ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਪ੍ਰਾਇਮਰੀ) ਰੂਪਨਗਰ ਅਧੀਨ ਆਉਂਦੇ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਝੱਜ, ਤਖਤਗੜ੍ਹ ਤੇ ਨੰਗਲ ਬਲਾਕਾਂ 'ਚ ਪੈਂਦੇ ਸਾਰੇ ਵਿੱਦਿਅਕ ਅਦਾਰਿਆਂ ਸਰਕਾਰੀ/ਪ੍ਰਾਈਵੇਟ 'ਚ 24 ਨਵੰਬਰ ਨੂੰ ਇਕ ਦਿਨ ਦੀ ਛੁੱਟੀ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਸਤਿਕਾਰ ਸਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ | ਇਨ੍ਹਾਂ ਸਮਾਗਮ 'ਚ ਲੱਖਾਂ ਦੀ ਤਾਦਾਦ 'ਚ ਦੇਸ਼-ਵਿਦੇਸ਼ ਤੋਂ ਸੰਗਤਾਂ ਧਾਰਮਿਕ ਭਾਵਨਾਵਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਣਗੀਆਂ | ਇਸ ਤਰ੍ਹਾਂ ਸੰਗਤਾਂ ਦੀ ਵੱਡੇ ਪੱਧਰ 'ਤੇ ਆਮਦ ਹੋਣ ਕਰਕੇ ਕਈ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਆਉਣ-ਜਾਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਇਹ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ |