ਜਲੰਧਰ, 23 ਨਵੰਬਰ (ਐੱਮ. ਐੱਸ. ਲੋਹੀਆ)-ਬੀਤੇ ਦਿਨ ਆਪਣੀ ਸਹੇਲੀ ਦੇ ਪਿਤਾ ਦੀ ਹੈਵਾਨੀਅਤ ਦਾ ਸ਼ਿਕਾਰ ਹੋਈ ਬਸਤੀਆਂ ਦੇ ਮੁਹੱਲਾ ਪਾਰਸ ਅਸਟੇਟ ਦੀ ਰਹਿਣ ਵਾਲੀ ਇਕ 13 ਸਾਲਾ ਲੜਕੀ ਦੀ ਮਿ੍ਤਕ ਦੇਹ ਦਾ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਵਲੋਂ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ, ਉਪਰੰਤ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ਲੜਕੀ ਦੀ ਮਾਂ ਅਤੇ ਭਰਾ ਕਿਸੇ ਕੰਮ ਗਏ ਹੋਣ ਕਰਕੇ ਸ਼ਾਮ ਕਰੀਬ 4 ਵਜੇ ਲੜਕੀ ਘਰ 'ਚ ਇਕੱਲੀ ਸੀ, ਜੋ ਅਚਾਨਕ ਆਪਣੇ ਘਰ 'ਚ ਟੀ.ਵੀ. ਚੱਲਦਾ ਛੱਡ ਅਤੇ ਗੇਟ ਨੂੰ ਢੋਹ ਕੇ ਆਪਣੀਆਂ ਸਹੇਲੀਆਂ ਦੇ ਘਰ ਚਲੀ ਗਈ, ਜਦੋਂ ਕਰੀਬ 5 ਵਜੇ ਲੜਕੀ ਦੀ ਮਾਂ ਅਤੇ ਭਰਾ ਘਰ ਪਹੁੰਚੇ, ਤਾਂ ਉਨ੍ਹਾਂ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ | ਇਸੇ ਦੌਰਾਨ ਹਰਮਿੰਦਰ ਸਿੰਘ ਉਰਫ਼ ਰਿੰਪੀ ਉਨ੍ਹਾਂ ਦੇ ਕੋਲੋਂ ਲੰਘਿਆ ਤਾਂ ਲੜਕੀ ਦੇ ਭਰਾ ਨੇ ਉਸ ਨੂੰ ਪੁੱਛਿਆ ਕਿ ਲੜਕੀ ਉਸ ਦੇ ਘਰ ਹੈ, ਤਾਂ ਅੱਗੋਂ ਰਿੰਪੀ ਨੇ ਉਸ ਨੂੰ ਕਿਹਾ ਕਿ ਉਸ ਦੇ ਘਰ 'ਚ ਕੋਈ ਨਹੀਂ ਹੈ, ਘਰ ਨੂੰ ਤਾਲਾ ਲੱਗਿਆ ਹੋਇਆ ਹੈ | ਕੁਝ ਸਮਾਂ ਭਾਲ ਕਰਨ ਤੋਂ ਬਾਅਦ ਲੜਕੀ ਦੇ ਪਰਿਵਾਕ ਮੈਂਬਰਾਂ ਨੇ ਇਸ ਸੰਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ, ਤਾਂ ਏ.ਐੱਸ.ਆਈ. ਮੰਗਤ ਰਾਮ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚਿਆ, ਜਿਸ ਨੇ ਘਰ 'ਚ ਜਾਂਚ ਕੀਤੀ, ਪਰ ਘਰ 'ਚ ਲੜਕੀ ਨਹੀਂ ਮਿਲੀ | ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਲੜਕੀ ਦੀ ਭਾਲ ਕਰਨ ਲਈ ਆਏ ਏ.ਐੱਸ.ਆਈ. ਨੇ ਆਪਣੇ ਨਾਲ ਕੋਈ ਵੀ ਮਹਿਲਾ ਮੁਲਾਜ਼ਮ ਨਹੀਂ ਲਿਆਂਦੀ ਸੀ | ਇਸ ਤੋਂ ਇਲਾਵਾ ਉਸ ਵਲੋਂ ਮਾਮਲੇ ਨੂੰ ਉਸ ਗੰਭੀਰਤਾ ਨਾਲ ਨਹੀਂ ਲਿਆ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਏ.ਐੱਸ.ਆਈ. ਸਹੀ ਢੰਗ ਨਾਲ ਜਾਂਚ ਕਰਦਾ ਤਾਂ ਹੋ ਸਕਦਾ ਸੀ ਕਿ ਲੜਕੀ ਦੀ ਜਾਨ ਬਚ ਜਾਂਦੀ | ਏ.ਡੀ.ਸੀ.ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਡਿਊਟੀ 'ਚ ਅਣਗਹਿਲੀ ਪਾਏ ਜਾਣ 'ਤੇ ਏ.ਐੱਸ.ਆਈ. ਮੰਗਤ ਰਾਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ |