ਮੋਰਿੰਡਾ, 7 ਦਸੰਬਰ (ਪਿ੍ਤਪਾਲ ਸਿੰਘ)-ਚੌਥਾ ਸ਼ਹੀਦ ਕਾਂਸ਼ੀ ਰਾਮ ਜੋਸ਼ੀ (ਗਦਰ ਪਾਰਟੀ) ਬਾਡੀ ਬਿਲਡਿੰਗ ਚੈਂਪੀਅਨਸ਼ਿਪ ਇਸ ਵਾਰ ਵੱਡੇ ਪੱਧਰ 'ਤੇ ਕਰਵਾਇਆ ਜਾਵੇਗਾ | ਇਸ ਸੰਬੰਧੀ ਪੰਜਾਬ ਐਮੇਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਅਕਸ਼ੈ ਜੋਸ਼ੀ ਨੇ ਦੱਸਿਆ ਕਿ ਪੰਜਾਬ ਐਮੇਚਿਓਰ ਬਾਡੀ ਬਿਲਡਿੰਗ ਐਜੂਕੇਸ਼ਨ ਦੇ ਸਹਿਯੋਗ ਨਾਲ, ਚੌਥਾ ਭਾਰਤ ਪੱਧਰੀ ਸ਼ਹੀਦ ਕਾਂਸ਼ੀ ਰਾਮ ਜੋਸ਼ੀ (ਗਦਰ ਪਾਰਟੀ) ਬਾਡੀ ਬਿਲਡਿੰਗ ਚੈਂਪੀਅਨਸ਼ਿਪ 22 ਫਰਵਰੀ ਨੂੰ ਰਾਮ ਲੀਲ੍ਹਾ ਗਰਾਉਂਡ ਮੋਰਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨੌਰਥ ਲੈਵਲ ਦੇ ਮੁਕਾਬਲੇ ਸਫਲਤਾ ਪੂਰਵਕ ਕਰਵਾਏ ਜਾ ਚੁੱਕੇ ਹਨ | ਇਸ ਵਾਰ ਇਹ ਸਿੱਧੇ ਭਾਰਤ ਪੱਧਰ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਸਦਕਾ ਨੌਜਵਾਨਾਂ ਨੂੰ ਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਵੱਡਾ ਪਲੇਟਫ਼ਾਰਮ ਮਿਲੇਗਾ | ਦੇਸ਼ ਭਰ ਦੇ ਪ੍ਰਸਿੱਧ ਬਾਡੀ ਬਿਲਡਰ ਇਸ ਮੁਕਾਬਲੇ ਵਿਚ ਹਿੱਸਾ ਲੈਣਗੇ | ਮੁਕਾਬਲਿਆਂ ਦਾ ਪੋਸਟਰ ਜਾਰੀ ਕਰਦਿਆਂ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿੰਮ ਸਿਰਫ਼ ਸਰੀਰ ਬਣਾਉਣ ਦੀ ਜਗਾ ਨਹੀਂ ਹੈ, ਇਹ ਨੌਜਵਾਨ ਪੀੜ੍ਹੀ ਨੂੰ ਅਨੁਸ਼ਾਸਨ, ਸਖ਼ਤ ਮਿਹਨਤ ਤੇ ਸਕਾਰਾਤਮਿਕ ਜੀਵਨ ਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਕਰਦਾ ਹੈ, ਜਿਸ ਨਾਲ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਹਨ | ਚੰਨੀ ਨੇ ਕਿਹਾ ਕਿ ਇਕ ਸਿਹਤਮੰਦ ਸਰੀਰ ਜੀਵਨ ਦੀ ਅਸਲ ਸੰਪਤੀ ਹੈ | ਅਜਿਹੇ ਪ੍ਰੋਗਰਾਮ ਨੌਜਵਾਨਾਂ 'ਚ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਤਮਵਿਸ਼ਵਾਸ ਤੇ ਊਰਜਾ ਪੈਦਾ ਕਰਦੇ ਹਨ | ਇਸ ਮੌਕੇ ਪੰਜਾਬੀ ਅਦਾਕਾਰ ਗੁਰਜੀਤ ਸਿੰਘ ਨੇ ਪ੍ਰਬੰਧਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਕ ਸਿਹਤਮੰਦ ਸਰੀਰ ਇਕ ਸਿਹਤਮੰਦ ਸਮਾਜ ਦੀ ਨੀਂਹ ਹੈ ਤੇ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਸਖ਼ਤ ਮਿਹਨਤ, ਸਮਰਪਣ ਤੇ ਤੰਦਰੁਸਤੀ ਦੀ ਮਹੱਤਤਾ ਬਾਰੇ ਸਿੱਖਿਅਤ ਕਰਕੇ ਰੋਲ ਮਾਡਲ ਬਣਨ ਦਾ ਮੌਕਾ ਪ੍ਰਦਾਨ ਕਰਦੇ ਹਨ | ਇਸ ਮੌਕੇ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਵੀ ਕੁਮਾਰ ਪਰਾਸ਼ਰ, ਪਰਮਜੀਤ ਸਿੰਘ ਪੰਮੀ, ਕੌਂਸਲਰ ਅੰਮਿ੍ਤਪਾਲ ਸਿੰਘ ਖੱਟੜਾ, ਕੌਂਸਲਰ ਰਾਜੇਸ਼ ਕੁਮਾਰ, ਬਿਕਰਮਜੀਤ ਸਿੰਘ ਜੁਗਨੂੰ, ਅਮਨ ਸ਼ਰਮਾ, ਗੁਰਵਿੰਦਰ ਸਿੰਘ ਕਕਰਾਲੀ, ਡਾ. ਮਨਿੰਦਰ ਸਿੰਘ ਮਿੰਦੀ, ਕਮਲ ਆਦਿ ਹਾਜ਼ਰ ਸਨ |