ਸ੍ਰੀ ਚਮਕੌਰ ਸਾਹਿਬ, 17 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੜ੍ਹੀ ਚਮਕੌਰ ਦੇ ਸ਼ਹੀਦਾਂ ਦੀ ਯਾਦ ਵਿਚ ਸਲਾਨਾ ਸ਼ਹੀਦੀ ਟੂਰਨਾਮੈਂਟ ਦੀ ਸ਼ੁਰੂਆਤ ਹੋਈ | ਜਿਸ ਦਾ ਉਦਘਾਟਨ ਨਾਹਰ ਸਿੰਘ ਢੇਸੀ (ਕਨੇਡਾ ਨਿਵਾਸੀ), ਸੁਰਮੁੱਖ ਸਿੰਘ ਢੇਸੀ (ਸਾਬਕਾ ਸਰਪੰਚ ਢੇਸਪੁਰਾ), ਅਤੇ ਸਤਿੰਦਰ ਸਿੰਘ ਛਿੰਦੀ ਦੁੱਗਰੀ ਕੋਟਲੀ (ਯੂ ਐਸ ਏ) ਨੇ ਸਾਂਝੇ ਤੋਰ 'ਤੇ ਕੀਤਾ | ਉਨ੍ਹਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਹੀ ਨਹੀਂ ਬਲਕਿ ਸਾਡੇ ਮਾਨਸਿਕ ਪੱਧਰ ਨੂੰ ਵੀ ਉੱਚਾ ਰੱਖਦੀਆਂ ਹਨ, ਜਿਸ ਨਾਲ ਜ਼ਿੰਦਗੀ ਦੇ ਹਰ ਪੜਾਅ ਨੂੰ ਪਾਰ ਕਰਨਾ ਸੌਖਾ ਸਾਬਤ ਹੁੰਦਾ ਹੈ | ਇਸ ਮੌਕੇ ਨਾਹਰ ਸਿੰਘ ਢੇਸੀ ਅਤੇ ਸੁਰਮੁੱਖ ਸਿੰਘ ਢੇਸੀ ਨੇ ਟੂਰਨਾਮੈਂਟ ਦੀ ਸਹਾਇਤਾ ਲਈ ਨਗਦ ਰਾਸ਼ੀ ਵੀ ਸਕੂਲ ਨੂੰ ਭੇਟ ਕੀਤੀ | ਇਸ ਤੋਂ ਪਹਿਲਾਂ ਟੂਰਨਾਮੈਂਟ ਸਬੰਧੀ ਬੋਲਦਿਆਂ ਪਿ੍ੰਸੀਪਲ ਕਿਰਨਜੋਤ ਕੌਰ ਨੇ ਦੱਸਿਆ ਕਿ ਟੂਰਨਾਮੈਂਟ ਦੀ ਰਵਾਇਤ ਨੂੰ ਸ਼ੁਰੂ ਹੋਇਆ 100 ਵਰ੍ਹੇ ਤੋਂ ਵੀ ਜ਼ਿਆਦਾ ਸਮਾ ਹੋ ਗਿਆ ਹੈ, ਜੋ ਕਿ ਦੀ ਅੰਬਾਲਾ ਬੋਰਡ ਆਫ਼ ਐਜੂਕੇਸ਼ਨ ਚੰਡੀਗੜ੍ਹ ਦੇ ਜਨਰਲ ਮੈਨੇਜਰ ਹਰਬੰਸ ਸਿੰਘ ਕੰਧੋਲਾ ਦੀ ਅਗਵਾਈ ਵਿਚ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਚਾਰ ਸਾਹਿਬਜ਼ਾਦਿਆਂ ਦੇ ਨਾਂ ਤੇ ਬਣੇ ਹਾਊਸਾਂ ਵਿਚ ਵੰਡ ਕੇ ਕਰਵਾਇਆ ਜਾਂਦਾ ਹੈ | ਇਸ ਟੂਰਨਾਮੈਂਟ ਦੀ ਸ਼ੁਰੂਆਤ ਵਿਚ ਐੱਨ. ਸੀ. ਸੀ. ਦੇ ਕੈਡਿਟਾਂ ਨੇ ਮਾਰਚ ਪਾਸਟ ਕੀਤਾ | ਟੂਰਨਾਮੈਂਟ ਦੇ ਅੱਜ ਪਹਿਲੇ ਦਿਨ ਪ੍ਰਾਇਮਰੀ ਵਿੰਗ ਦੇ ਡੱਕ ਰੇਸ, ਚਾਟੀ ਰੇਸ, ਬੈਗ ਰੇਸ ਅਤੇ ਰੱਸੇ ਦੇ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਵਿਚ ਬੱਚਿਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਸਾਬਕਾ ਪਿ੍ੰਸੀਪਲ ਅਮਰਜੀਤ ਸਿੰਘ ਕੰਗ, ਜਥੇਦਾਰ ਪ੍ਰੀਤਮ ਸਿੰਘ ਸੱਲੋਮਾਜਰਾ, ਜਥੇਦਾਰ ਗੁਰਮੀਤ ਸਿੰਘ ਮਕੜੌਨਾ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਇਸ ਸੰਸਥਾ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ | ਇਸ ਟੂਰਨਾਮੈਂਟ ਦੀ ਸਮਾਪਤੀ 21 ਦਸੰਬਰ 2025 ਨੂੰ ਹੋਵੇਗੀ, ਜਿਸ ਵਿਚ ਮੁੱਖ ਮਹਿਮਾਨ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਹੋਣਗੇ | ਇਨਾਮਾਂ ਦੀ ਵੰਡ ਰਵੀਇੰਦਰ ਸਿੰਘ ਦੁੱਮਣਾ (ਸਾਬਕਾ ਸਪੀਕਰ ਵਿਧਾਨ ਸਭਾ ਪੰਜਾਬ ) ਕਰਨਗੇ |