ਰੂਪਨਗਰ, 24 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਚ ਪਾਬੰਦੀਸ਼ੁਦਾ ਚਾਈਨਾ ਡੋਰ ਦਾ ਕਹਿਰ ਇੱਕ ਵਾਰੀ ਫੇਰ ਦੇਖਣ ਨੂੰ ਮਿਲਿਆ ਹੈ | ਸ੍ਰੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ 31 ਸਾਲਾਂ ਮਿੱਠੁ ਸਿੰਘ ਪੁੱਤਰ ਜਰਨੈਲ ਸਿੰਘ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ | ਇਹ ਹਾਦਸਾ ਮਲਿਕਪੁਰ ਨੇੜੇ ਫਲਾਈਓਵਰ 'ਤੇ ਉਸ ਸਮੇਂ ਵਾਪਰਿਆ ਜਦੋਂ ਉਹ ਮੋਟਰਸਾਈਕਲ 'ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਰੂਪਨਗਰ ਵੱਲ ਆ ਰਿਹਾ ਸੀ | ਜਾਣਕਾਰੀ ਅਨੁਸਾਰ ਮਿੱਠੁ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਿਚ ਕੱਪੜਿਆਂ ਦੀ ਫੇਰੀ ਲਗਾਉਣ ਦਾ ਕੰਮ ਕਰਦਾ ਹੈ ਅਤੇ ਚਾਰ ਬੱਚਿਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਹੈ | ਹਾਦਸੇ ਵੇਲੇ ਉਸਦੀ ਮੋਟਰਸਾਈਕਲ ਦਾ ਪਿਛਲਾ ਟਾਇਰ ਪੰਕਚਰ ਹੋ ਗਿਆ ਸੀ, ਜਿਸ ਕਾਰਨ ਉਹ ਸੜਕ ਕਿਨਾਰੇ ਖੜ੍ਹਾ ਸੀ | ਇਸ ਦੌਰਾਨ ਹਵਾ ਵਿਚ ਉੱਡ ਰਹੀ ਪਤੰਗ ਦੀ ਚਾਈਨਾ ਡੋਰ ਅਚਾਨਕ ਉਸਦੀ ਗਰਦਨ ਵਿਚ ਫਸ ਗਈ, ਜਿਸ ਨਾਲ ਗਰਦਨ ਬੁਰੀ ਤਰ੍ਹਾਂ ਕੱਟ ਗਈ, ਜਦੋ ਉਸਨੇ ਹੱਥ ਨਾਲ ਬਚਣ ਦੀ ਕੋਸ਼ਿਸ਼ ਕੀਤੀ ਤਾਂ ਹੱਥ ਦੇ ਅੰਗੂਠੇ 'ਤੇ ਵੀ ਕੱਟ ਲੱਗ ਗਿਆ | ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ | ਡਾਕਟਰਾਂ ਮੁਤਾਬਕ ਮਿੱਠੂ ਸਿੰਘ ਦੀ ਗਰਦਨ 'ਤੇ 14 ਟਾਂਕੇ ਲਗਾਏ ਗਏ | ਹਾਲਤ ਗੰਭੀਰ ਹੋਣ ਕਾਰਨ ਉਸਨੂੰ ਵਧੀਆ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ | ਸਿਵਲ ਹਸਪਤਾਲ ਦੇ ਡਾ. ਹਰਜੋਤ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਕਾਰਨ ਗਰਦਨ 'ਤੇ ਗਹਿਰੀ ਚੋਟ ਆਈ ਹੈ ਅਤੇ ਸਾਰੀਆਂ ਜ਼ਰੂਰੀ ਜਾਂਚਾਂ ਅਤੇ ਮੁਢਲੇ ਇਲਾਜ ਤੋਂ ਬਾਅਦ ਮਰੀਜ਼ ਨੂੰ ਉੱਚ ਇਲਾਜ਼ ਲਈ ਪੀ.ਜੀ.ਆਈ. ਭੇਜਿਆ ਗਿਆ ਹੈ | ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਚਾਈਨਾ ਡੋਰ ਦੇ ਵਪਾਰ ਅਤੇ ਵਰਤੋਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਉੱਧਰ ਪ੍ਰਸ਼ਾਸਨ ਵਲੋਂ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਇਹ ਨਾ ਸਿਰਫ ਕਾਨੂੰਨੀ ਅਪਰਾਧ ਹੈ, ਸਗੋਂ ਰਾਹਗੀਰਾਂ ਅਤੇ ਦੋ-ਪਹੀਆ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ |
ਰੂਪਨਗਰ 'ਚ ਚਾਈਨਾ ਡੋਰ ਦਾ ਕਹਿਰ
ਅਜੀਤ ਡੈਸਕ
25-12-2025