ਪੁਰਖਾਲੀ, 28 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਨੌਜਵਾਨ ਸਭਾ ਪੁਰਖਾਲੀ ਵਲੋਂ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਜੀ ਪੁਰਖਾਲੀ ਵਿਖੇ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਭਾਈ ਮਲਕੀਤ ਸਿੰਘ ਪਪਰਾਲੀ ਵਾਲਿਆਂ ਦੇ ਢਾਡੀ ਜਥੇ ਵਲੋਂ ਵਿਖੇ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ | ਉਨ੍ਹਾਂ ਢਾਡੀ ਵਾਰਾਂ ਤੇ ਪ੍ਰਸੰਗ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ, ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਤੇ ਸ਼ਹਾਦਤਾਂ ਦੇਣ ਵਾਲੇ ਸਮੂਹ ਸ਼ਹੀਦਾਂ ਸਿੰਘਾਂ ਦੀ ਕੁਰਬਾਨੀ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਗੁਰੂਆਂ ਦੀਆਂ ਕੁਰਬਾਨੀਆਂ ਲਾਮਿਸਾਲ ਹਨ, ਉਨ੍ਹਾਂ ਕਿਹਾ ਕਿ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਨੇ ਸਿੱਖ ਕੌਮ ਲਈ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਡੀ ਸਿੱਖ ਕੌਮ ਲਈ ਚਾਰੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਵੀ ਲਾਮਿਸਾਲ ਹੈ | ਇਸ ਮੌਕੇ ਨੌਜਵਾਨ ਸਭਾ ਦੇ ਮੈਂਬਰਾਂ ਵਲੋਂ ਸਮਾਗਮ 'ਚ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ |