ਚਮਿਆਰੀ, 1 ਜੂਨ (ਜਗਪ੍ਰੀਤ ਸਿੰਘ)-ਭਗਵੰਤ ਮਾਨ ਦੀ ਪੰਜਾਬ ਸਰਕਾਰ ਦੇ ਫੈਸਲੇ ਕਿ ਪਿੰਡ ਦੀ ਲਾਲ ਲਕੀਰ ਵਿਚ ਆਉਂਦੇ ਕਿਸੇ ਵੀ ਗ਼ਰੀਬ ਦਾ ਘਰ ਨਹੀਂ ਢਾਹਿਆ ਜਾਵੇਗਾ, ਪਰ ਇਸ ਫੈਸਲੇ ਨੂੰ ਛਿੱਕੇ 'ਤੇ ਟੰਗ ਕੇ ਅਤੇ ਮਾਨਯੋਗ ਅਦਾਲਤ ਦੀ ਹਦਾਇਤ ਨੂੰ ਵੀ ਨਾ ਮੰਨਦੇ ਹੋਏ ਪਿੰਡ ਦਿਆਲਪੁਰਾ ਦੀ ਪੰਚਾਇਤ ਵਲੋਂ ਅਤਿ ਗ਼ਰੀਬ (ਦਲਿਤ) ਦੇ ਲਾਲ ਲਕੀਰ ਅੰਦਰ ਆਉਂਦੇ ਘਰ ਦੀ ਕੰਧ ਢਾਹ ਦੇਣ ਵਿਰੁੱਧ ਪਿੰਡ ਦੇ ਇਨਸਾਫ਼ ਪਸੰਦ ਲੋਕਾਂ ਤੇ ਗ਼ਰੀਬਾਂ ਵਿਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ | ਦਲਿਤ ਭਾਈ ਸੁਰਜੀਤ ਸਿੰਘ ਨੂੰ ਇਨਸਾਫ਼ ਦਿਵਾਉਣ ਅਤੇ ਕੰਧ ਢਾਹੁਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਾਉਣ ਲਈ ਪਿੰਡ ਦਿਆਲਪੁਰ ਵਿਚ ਜਨਤਕ ਜਥੇਬੰਦੀਆਂ ਵਲੋਂ ਗੁਰਪ੍ਰੀਤ ਸਿੰਘ, ਮਲੂਕ ਸਿੰਘ, ਕਾਬਲ ਸਿੰਘ, ਗੁਰਤੇਜ ਸਿੰਘ ਤੇ ਮੁਹੱਬਤਪਾਲ ਕੌਰ ਦੀ ਪ੍ਰਧਾਨਗੀ ਹੇਠ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਜਿਸ ਵਿਚ ਇਲਾਕੇ ਭਰ ਦੇ ਦਿਆਲਪੁਰਾ ਸਮੇਤ ਨਾਸਰ, ਧਾਰੀਵਾਲ, ਭੂਰੇ ਗਿੱਲ, ਮੋਹਣਭੰਡਾਰੀਆਂ ਆਦਿ ਪਿੰਡਾਂ ਦੇ ਕਿਸਾਨ, ਮਜ਼ਦੂਰ, ਨੌਜਵਾਨ ਤੇ ਔਰਤਾਂ ਸੈਂਕੜਿਆਂ ਦੀ ਗਿਣਤੀ ਵਿਚ ਸ਼ਾਮਿਲ ਹੋਏ | ਕਨਵੈਨਸ਼ਨ ਦਾ ਅਗਾਜ਼ ਕਰਦਿਆਂ ਦਵਿੰਦਰ ਸਿੰਘ ਗੁੱਝਾਪੀਰ ਨੇ ਕਿਹਾ ਕਿ ਰਾਜ ਕਰਦੀਆਂ ਧਿਰਾਂ ਵਲੋਂ ਪਿੰਡ-ਪਿੰਡ ਲੋਕਾਂ ਨਾਲ ਧੱਕੇ ਕੀਤੇ ਜਾ ਰਹੇ ਹਨ | ਇਸ ਕਨਵੈਨਸ਼ਨ ਵਿਚ ਉਚੇਚੇ ਤੌਰ ਤੇ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਨਵੈਨਸ਼ਨ ਵਿਚ ਬੋਲਦਿਆਂ ਦੱਸਿਆ ਕਿ ਪਿਛਲੇ ਸਮੇਂ ਵਿਚ ਜਿੰਨੀਆਂ ਵੀ ਤਹਿਸ਼ੁਦਾ ਮੀਟਿੰਗਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈਆਂ ਹਨ ਉਹਦੇ ਵਿਚ ਹਮੇਸ਼ਾ ਹੀ ਕਿਹਾ ਜਾਂਦਾ ਰਿਹਾ ਹੈ ਕਿ ਸਰਕਾਰ ਦੇ ਪੱਕੇ ਹੁਕਮ ਹਨ ਕਿ ਪਿੰਡ ਦੀ ਲਾਲ ਲਕੀਰ ਵਿਚ ਆਉਂਦੇ ਕਿਸੇ ਦੇ ਵੀ ਘਰ ਨੂੰ ਢਾਹਿਆ ਜਾਂ ਤੋੜਿਆ ਨਹੀਂ ਜਾਵੇਗਾ, ਪਰ ਅਜਿਹਾ ਨਹੀਂ ਹੋਇਆ, ਜਿਸ ਦੀ ਤਾਜ਼ਾ ਮਿਸਾਲ ਹੈ ਕਿ ਲਾਲ ਲਕੀਰ ਵਿਚ ਆਉਂਦੇ ਦਲਿਤ ਸੁਰਜੀਤ ਸਿੰਘ ਦੇ ਘਰ ਨੂੰ ਢਾਹਿਆ ਦੇਖਿਆ ਜਾ ਸਕਦਾ ਹੈ | ਕਨਵੈਨਸ਼ਨ ਉਪਰੰਤ ਸੁਰਜੀਤ ਸਿੰਘ ਦੇ ਘਰ ਦੀ ਕੰਧ ਢਾਹੁਣ ਵਾਲਾ ਮੌਕਾ ਵੇਖਿਆ ਤੇ ਪਰਿਵਾਰ ਨੂੰ ਦਿਲਾਸਾ ਦਿੱਤਾ ਕਿ ਤੁਹਾਡੇ ਨਾਲ ਸਾਰਾ ਇਲਾਕਾ ਖੜ੍ਹਾ ਹੈ ਅਤੇ ਜਲਦੀ ਹੀ ਤੁਹਾਨੂੰ ਇਨਸਾਫ਼ ਦਿਵਾਇਆ ਜਾਵੇਗਾ | ਇਸ ਮੌਕੇ ਸਿਤਾਰਾ ਸਿੰਘ, ਸੁਰਜੀਤ ਸਿੰਘ ਭੂਰੇ ਗਿੱਲ, ਬਲਤੇਜ ਸਿੰਘ ਦਿਆਲਪੁਰਾ, ਸੁਖਦੇਵ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਲੋਕ ਸੇਵਕ ਜੀਵਨ ਸਿੰਘ, ਵੀਰ ਸਿੰਘ, ਬਿਕਰਮਜੀਤ ਸਿੰਘ, ਸੰਦੀਪ ਸਿੰਘ, ਗੁਲਜ਼ਾਰ ਸਿੰਘ, ਸਵਿੰਦਰ ਕੌਰ, ਪ੍ਰਗਟ ਮਸੀਹ ਤੇ ਹੋਰ ਹਾਜ਼ਰ ਸਨ |
ਜਨਤਕ ਜਥੇਬੰਦੀਆਂ ਵਲੋਂ ਕਨਵੈਨਸ਼ਨ
ਅਜੀਤ ਡੈਸਕ
02-06-2025