ਗੱਗੋਮਾਹਲ, 2 ਜੂਨ (ਬਲਵਿੰਦਰ ਸਿੰਘ ਸੰਧੂ)-ਕਸਬਾ ਗੱਗੋਮਾਹਲ ਦੇ ਬਿਕਰਮਜੀਤ ਸਿੰਘ ਵਲੋਂ ਮਹਾਰਾਸ਼ਟਰ ਨੈਸ਼ਨਲ ਚੈਂਪੀਅਨ ਵਿਚ ਦੋ ਗੋਲਡ ਮੈਡਲ ਜਿੱਤਣ ਨਾਲ ਇਲਾਕੇ ਭਰ ਵਿਚ ਖੁਸ਼ੀ ਦਾ ਮਾਹੌਲ ਹੈ | ਉਨ੍ਹਾਂ ਦੇ ਘਰ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਬਿਕਰਮਜੀਤ ਸਿੰਘ ਦੇ ਪਿਤਾ ਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਪਹਿਲਵਾਨੀ ਕਰਦਾ ਆਇਆ ਹੈ | ਬਿਕਰਮਜੀਤ ਮਹਾਂਰਾਸ਼ਟਰ ਦੇ ਨਾਸਿਕ ਵਿਚ ਹੋ ਰਹੇ ਨੈਸ਼ਨਲ ਚੈਪੀਅਨਸ਼ਿਪ 'ਚ ਆਪਣੇ ਜ਼ੌਹਰ ਦਿਖਾਉਣ ਪਹੁੰਚਿਆ ਤਾਂ ਕਾਮਯਾਬੀ ਹਾਸਲ ਕਰਦਿਆਂ ਦੋ ਗੋਲਡ ਮੈਡਲ ਜਿੱਤ ਕੇ ਪੰਜਾਬ, ਜ਼ਿਲ੍ਹੇ ਤੇ ਆਪਣੇ ਪਿੰਡ ਦੇ ਨਾਲ-ਨਾਲ ਇਲਾਕੇ ਭਰ ਦਾ ਨਾਮ ਉੱਚਾ ਕੀਤਾ | ਉਸ ਨੇ ਦਸਵੀਂ ਤੱਕ ਦੀ ਸਿੱਖਿਆ ਸੰਤ ਸਬਾਸਟਿਨ ਸਕੂਲ ਗੱਗੋਮਾਹਲ ਤੋਂ ਤੇ ਹਾਇਰ ਸੈਕੰਡਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਮਾਹਲ ਤੋਂ ਪ੍ਰਾਪਤ ਕੀਤੀ | ਉਸ ਦੀਆਂ ਵੱਡੀਆ ਭੈਣਾਂ ਰਮਨਦੀਪ ਕੌਰ, ਰਾਜਵਿੰਦਰ ਕੌਰ, ਛੋਟੇ ਭਰਾ ਹਰਮਨਜੀਤ ਸਿੰਘ ਤੇ ਜੀਜਾ ਰਛਪਾਲ ਸਿੰਘ ਭੁੱਲਰ ਨੇ ਉਸ ਨੂੰ ਮਿਹਨਤ ਕਰਨ ਲਈ ਹਮੇਸ਼ਾਂ ਸਾਥ ਦਿੱਤਾ ਤਾਂ ਹੀ ਅੱਜ ਉਹ ਇਸ ਮੁਕਾਮ 'ਤੇ ਪਹੁੰਚਿਆ | ਉਸ ਦੇ ਪਿੰਡ ਪਰਤਣ 'ਤੇ ਨਿੱਘਾ ਸਵਾਗਤ ਕੀਤਾ ਜਾਵੇਗਾ |