ਚੋਗਾਵਾਂ, 1 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡਾਂ ਵਿਚ ਰਾਵੀ ਦਰਿਆ ਦੇ ਪਾਣੀ ਵਿਚ ਉਛਾਲ ਆਉਣ ਜਾਣ ਕਰਕੇ ਸੱਕੀ ਨਾਲੇ ਦੇ ਤੇਜ਼ ਰਫਤਾਰ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ | ਸਰਹੱਦੀ ਪਿੰਡ ਮੁੱਧ ਖੋਖਰ ਵਿਖੇ ਸੱਕੀ ਨਾਲੇ ਦਾ ਪੁਲ ਰੁੜ ਜਾਣ ਕਰਕੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਡੁੱਬ ਕੇ ਤਬਾਹ ਹੋ ਗਈ | ਇਸ ਸੰਬੰਧੀ ਪੁੱਲ ਤੋਂ ਪਾਰਲੇ ਪੀੜਤ ਕਿਸਾਨ ਧਰਵਿੰਦਰ ਸਿੰਘ ਦਿਲਬਾਗ ਸਿੰਘ, ਸੁਰਜੀਤ ਸਿੰਘ, ਕਰਮਜੀਤ ਸਿੰਘ, ਜਗਤਾਰ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ, ਬੂਟਾ ਸਿੰਘ, ਗੁਲਜਾਰ ਸਿੰਘ, ਲਖਵਿੰਦਰ ਸਿੰਘ, ਨਿਸ਼ਾਨ ਸਿੰਘ, ਮਨਿੰਦਰ ਸਿੰਘ, ਚੰਨ ਸਿੰਘ ਤੇ ਪਾਖਰ ਸਿੰਘ ਨੇ ਦੱਸਿਆ ਕਿ ਇਹ ਪੁਲ ਅਕਾਲੀ ਸਰਕਾਰ ਸਮੇਂ ਬਣੀਆਂ ਸੀ | ਜਿਸ ਦੀ ਹਾਲਤ ਖਸਤਾ ਹੋ ਚੁੱਕੀ ਸੀ | ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਸਾਂਭ ਸੰਭਾਲ ਲਈ ਭਾਰੀ ਪ੍ਰੇਸ਼ਾਨੀਆਂ ਵਿਚੋਂ ਲੰਘਣਾ ਪੈਂਦਾ ਹੈ | ਜਿਸ ਕਾਰਨ ਉਨ੍ਹਾਂ ਦਾ ਧਨ ਖਰਚਾ ਤੇ ਮਾਲ ਡੰਗਰ ਨੂੰ ਵੀ ਨੁਕਸਾਨ ਪੁੱਜ ਰਿਹਾ ਹੈ | ਇਸ ਸੰਬੰਧੀ ਅਸੀਂ ਪ੍ਰਸ਼ਾਸਨ ਤੇ ਅਧਿਕਾਰੀਆਂ ਨੂੰ ਜਾਣੂੰ ਵੀ ਕਰਵਾਇਆ, ਪਰ ਕਿਸੇ ਨੇ ਕੋਈ ਸਾਰ ਨਹੀਂ ਲਈ | ਜਿਸ ਦਾ ਖਮਿਆਜਾ ਸਮੂਹ ਪਿੰਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ | ਪੀੜਤ ਕਿਸਾਨਾਂ ਨੇ ਭਰੇ ਮਨ ਨਾਲ ਪੰਜਾਬ ਸਰਕਾਰ, ਜ਼ਿਲ੍ਹੇ ਦੇ ਡੀ. ਸੀ. ਸਾਹਿਬ ਨੂੰ ਅਪੀਲ ਕੀਤੀ ਕਿ ਸੱਕੀ ਨਾਲੇ ਦੀ ਪਾਣੀ ਦੀ ਮਾਰ ਹੇਠ ਆਏ ਕਿਸਾਨਾਂ ਦੀ ਸਾਰ ਲਈ ਜਾਵੇ ਤੇ ਨਵਾਂ ਪੁਲ ਬਣਾਇਆ ਜਾਵੇ |