ਖ਼ਾਲਸਾ ਯੂਨੀਵਰਸਿਟੀ ਵਲੋਂ ‘ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਸ਼ਤਾਬਦੀ’ ਨੂੰ ਸਮਰਪਿਤ ਸੈਮੀਨਾਰ ਕਰਵਾਇਆ
* ਵਿਦਵਾਨਾਂ ਨੇ ਗੁਰੂ ਨਗਰੀ ਦੀ ਧਾਰਮਿਕ ਤੇ ਰੂਹਾਨੀ ਮਹੱਤਤਾ, ਇਤਿਹਾਸਿਕ ਪ੍ਰੰਪਰਾ ਅਤੇ ਇਸ ਦੀ ਉਸਾਰੀ ਨਾਲ ਜੁੜੇ ਪਹਿਲੂਆਂ ਬਾਰੇ ਕੀਤੀ ਵਿਸਥਾਰਤ ਚਰਚਾ
ਅੰਮ੍ਰਿਤਸਰ, 13 ਨਵੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਦੇ ਧਰਮ ਅਧਿਐਨ ਸਕੂਲ ਅਤੇ ਪੰਜਾਬੀ ਅਧਿਐਨ ਸਕੂਲ ਵਲੋਂ ‘ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ’ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਖ਼ਾਲਸਾ ’ਵਰਸਿਟੀ ਦੇ ਉਪ ਕੁਲਪਤੀ ਡਾ.
ਅੰਮ੍ਰਿਤਸਰ, 13 ਨਵੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਦੇ ਧਰਮ ਅਧਿਐਨ ਸਕੂਲ ਅਤੇ ਪੰਜਾਬੀ ਅਧਿਐਨ ਸਕੂਲ ਵਲੋਂ ‘ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ’ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਖ਼ਾਲਸਾ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਅਤੇ ਗੁਰੂ ਨਾਨਕ ਦੇਵ ‘ ਵਰਸਿਟੀ ਦੇ ਸਿੱਖ ਸਟੱਡੀਜ਼ ਚੇਅਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ, ਆਰਕੀਟੈਕਟ ਵਿਭਾਗ ਦੇ ਪ੍ਰੋਫ਼ੈਸਰ ਅਤੇ ਰਜਿਸਟਰਾਰ ਡਾ. ਕਰਮਜੀਤ ਸਿੰਘ ਚਾਹਲ ਅਤੇ ਖ਼ਾਲਸਾ ‘ਵਰਸਿਟੀ ਦੇ ਧਰਮ ਅਧਿਐਨ ਸਕੂਲ ਦੇ ਮੁਖੀ ਤੇ ਡੀਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਅੰਮ੍ਰਿਤਸਰ ਦੀ ਇਤਿਹਾਸਿਕ ਪ੍ਰੰਪਰਾ ਅਤੇ ਇਸ ਦੀ ਉਸਾਰੀ ਨਾਲ ਜੁੜੇ ਪਹਿਲੂਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਪੰਜਾਬ ਦੀ ਬੁਨਿਆਦ ਹੈ। ਉਨ੍ਹਾਂ ਨੇ ਸ੍ਰੀ ਰਾਮਸਰ ਸਾਹਿਬ ਸਰੋਵਰ ਦੀ ਨੀਂਹ, ਗੁਰੂ ਕਾਲ, ਮੁਗਲਾਂ ਦੇ ਹਮਲੇ, ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਅਤੇ ਅੰਗਰੇਜ਼ੀ ਰਾਜ ਦੇ ਦੌਰ ਦੀ ਗੱਲ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਭੂਤਕਾਲੀ ਤੇ ਵਰਤਮਾਨ ਮਹਾਨਤਾ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਗਿਆਨ ਗੋਸ਼ਟ ਕਰਨ ਦੀ ਪ੍ਰੇਰਨਾ ਦਿੱਤੀ। ਡਾ. ਕਰਮਜੀਤ ਸਿੰਘ ਚਾਹਲ ਨੇ ਅੰਮ੍ਰਿਤਸਰ ਦੇ ਆਰਕੀਟੈਕਚਰਲ ਮਹੱਤਵ ਦੀ ਗੱਲ ਕਰਦਿਆਂ ਸ਼ਹਿਰ ਦੀ ਬਣਤਰ ’ਚ ਸ਼ਾਮਿਲ ਕਟੜੇ, ਬਾਗ਼ ਅਤੇ ਨਾਨਕਸ਼ਾਹੀ ਇੱਟਾਂ ਨਾਲ ਕੀਤੀ ਗਈ ਸਜਾਵਟ ਬਾਰੇ ਗੱਲ ਕੀਤੀ। ਉਨ੍ਹਾਂ ਗੁਰੂ ਅਰਜਨ ਦੇਵ ਸਾਹਿਬ ਤੇ ਬੰਦਾ ਸਿੰਘ ਬਹਾਦਰ ਸਾਹਿਬ ਦੀ ਸ਼ਹੀਦੀ ਅਤੇ ਸਿੱਖ ਰਾਜ ਦੇ ਖਾਤਮੇ ਉਪਰੰਤ ਮੁਗ਼ਲ ਹਮਲਿਆਂ ਕਾਰਨ ਪ੍ਰਭਾਵਿਤ ਹੋਏ ਸ਼ਹਿਰ ਦੇ ਇਤਿਹਾਸਕ ਅੰਕੜੇ, ਮਿਸਲ ਕਾਲ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਨੁਹਾਰ ’ਚ ਆਏ ਪਰਿਵਰਤਨ ਅਤੇ ਜੱਲਿਆਂ ਵਾਲਾ ਬਾਗ਼ ਦੇ ਇਤਿਹਾਸਕ ਪ੍ਰਕਰਨਾਂ ਬਾਰੇ ਵੀ ਵਿਚਾਰ ਪ੍ਰਗਟਾਏ। ਡਾ. ਅਮਰਜੀਤ ਸਿੰਘ ਨੇ ਗੁਰੂ ਨਗਰੀ ਨੂੰ ਸਿੱਖ ਪਛਾਣ ਦਾ ਕੇਂਦਰ ਦੱਸਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਾਲ ਗੁਰੂ ਸਾਹਿਬਾਨ ਨੇ ਇਕ ਅਣਖੀਲੀ ਅਤੇ ਉੱਚ ਮਨੋਬਲ ਵਾਲੀ ਕੌਮ ਪੈਦਾ ਕੀਤੀ। ਉਨ੍ਹਾਂ ਸੰਗਤ ਅਤੇ ਪੰਗਤ ਪ੍ਰਥਾ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਗੁਰਮਤਿ ਵਿਚਾਰਧਾਰਾ ਅਪਣਾਉਣ ’ਤੇ ਜ਼ੋਰ ਦਿੱਤਾ। ਡਾ. ਗੋਗੋਆਣੀ ਨੇ ਅੰਮ੍ਰਿਤਸਰ ਸ਼ਹਿਰ ਦੀ ਧਾਰਮਿਕ ਤੇ ਰੂਹਾਨੀ ਮਹਿਮਾ ਬਾਰੇ ਕਿਹਾ ਕਿ ਇਹ ਸ਼ਹਿਰ ਜਾਤ ਪਾਤ ਅਤੇ ਵਿਤਕਰਿਆਂ ਤੋਂ ਉੱਚਾ ਉੱਠ ਕੇ ਜਿਉਣ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਨੇ ਗਿਆਨੀ ਗਿਆਨ ਸਿੰਘ ਦੇ ‘ਪੰਥ ਪ੍ਰਕਾਸ਼’ ਦੇ ਹਵਾਲੇ ਨਾਲ ਅੰਮ੍ਰਿਤਸਰ ਨੂੰ ਸਮੁੱਚੀ ਮਾਨਵਤਾ ਅਤੇ ਰੂਹਾਨੀਅਤ ਦਾ ਕੇਂਦਰ ਦੱਸਿਆ। ਇਸ ਤੋਂ ਪਹਿਲਾਂ ਸੈਮੀਨਾਰ ਦਾ ਆਰੰਭ ਧਰਮ ਅਧਿਐਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ ਤੇ ਮੁਖੀ ਅਤੇ ਡੀਨ ਭਾਸ਼ਾਵਾਂ ਡਾ. ਰਮਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਉਣ ’ਚ ਸਹਾਈ ਸਿੱਧ ਹੁੰਦੇ ਹਨ। ਇਸ ਮੌਕੇ ਖਾਲਸਾ ’ਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਖਾਲਸਾ ਕਾਲਜ ਦੇ ਪ੍ਰੰਸੀਪਲ ਡਾ. ਆਤਮ ਸਿੰਘ ਰੰਧਾਵਾ ਸਮੇਤ ਹੋਰ ਸ਼ਖ਼ਸੀਅਤਾਂ ਤੇ ਵਿਦਿਆਰਥਹੀ ਹਾਜ਼ਰ ਸਨ।