ਸੁਲਤਾਨਵਿੰਡ ਪੁਲ ਦੀਆਂ ਸਾਈਡਾਂ ’ਤੇ ਪੂਜਾ ਸਮੱਗਰੀ ਦੇ ਲਿਫਾਫਿਆਂ ਦਾ ਗੰਦ, ਰਾਹਗੀਰ ਹੋ ਰਹੇ ਪ੍ਰੇਸ਼ਾਨ
* ਸੁੰਦਰ ਬਣਾਏ ਗਏ ਪੁਲ ਦੀ ਦਿੱਖ ਨੂੰ ਲੱਗ ਰਿਹਾ ਖੋਰਾ, ਪ੍ਰਸ਼ਾਸਨ ਤੋਂ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਸੁਲਤਾਨਵਿੰਡ, 13 ਨਵੰਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਅੱਪਰ ਦੁਆਬ ਨਹਿਰ ’ਤੇ ਬਣੇ ਪੁਲ ਦੇ ਦੋਵੇਂ ਪਾਸੇ ਲੋਕਾਂ ਵਲੋਂ ਦੀਵਾਲੀ ਦੀ ਪੂਜਾ ਕਰਨ ਤੋਂ ਬਾਅਦ ਪੂਜਾ ਸਮੱਗਰੀ ਨਾਲ ਭਰੇ ਲਿਫ਼ਾਫ਼ੇ ਸੁੱਟੇ ਜਾਣ ਕਾਰਨ ਗੰਦਗੀ ਫੈਲ ਰਹੀ ਹੈ। ਪੁਲ ਦੇ ਦੋਵੇਂ ਕਿਨਾਰਿਆਂ ’ਤੇ ਪਏ ਇਨ੍ਹਾਂ ਲਿਫ਼ਾਫ਼ਿਆਂ ਕਾਰਨ ਜਿੱਥੇ ਪੁਲ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਰਿਹਾ ਹੈ, ਉੱਥੇ ਹੀ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ
ਸੁਲਤਾਨਵਿੰਡ ਦੇ ਪੁਲ ਤੇ ਲੋਕਾ ਵੱਲੋ ਸੁੱਟੇ ਗਏ ਲਿਫਾਫੇ। ਤਸਵੀਰ: ਗੁਰਨਾਮ ਸਿੰਘ ਬੁੱਟਰ
14-11-2026
ਸੁਲਤਾਨਵਿੰਡ, 13 ਨਵੰਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਅੱਪਰ ਦੁਆਬ ਨਹਿਰ ’ਤੇ ਬਣੇ ਪੁਲ ਦੇ ਦੋਵੇਂ ਪਾਸੇ ਲੋਕਾਂ ਵਲੋਂ ਦੀਵਾਲੀ ਦੀ ਪੂਜਾ ਕਰਨ ਤੋਂ ਬਾਅਦ ਪੂਜਾ ਸਮੱਗਰੀ ਨਾਲ ਭਰੇ ਲਿਫ਼ਾਫ਼ੇ ਸੁੱਟੇ ਜਾਣ ਕਾਰਨ ਗੰਦਗੀ ਫੈਲ ਰਹੀ ਹੈ। ਪੁਲ ਦੇ ਦੋਵੇਂ ਕਿਨਾਰਿਆਂ ’ਤੇ ਪਏ ਇਨ੍ਹਾਂ ਲਿਫ਼ਾਫ਼ਿਆਂ ਕਾਰਨ ਜਿੱਥੇ ਪੁਲ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਰਿਹਾ ਹੈ, ਉੱਥੇ ਹੀ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਬ੍ਰਿਕਸ ਹਿਊਮਨ ਰਾਈਟਸ ਮਿਸ਼ਨ ਪੰਜਾਬ ਦੇ ਪ੍ਰਧਾਨ ਡਾ. ਸੁਪਿੰਦਰ ਸਿੰਘ ਢਿੱਲੋਂ, ਅਰਜਨ ਸਿੰਘ ਚੀਮਾ, ਪ੍ਰਧਾਨ ਜਸਬੀਰ ਸਿੰਘ ਮੰਗਾ ਨੇ ਕਿਹਾ ਕਿ ਬੀਤੇ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਵਲੋਂ ਕੀਤੀ ਗਈ ਪੂਜਾ ਤੋਂ ਬਾਅਦ ਬਚੀ ਪੂਜਾ ਸਮੱਗਰੀ ਅਤੇ ਹੋਰ ਰਹਿੰਦ-ਖੂੰਹਦ ਨੂੰ ਲਿਫ਼ਾਫ਼ਿਆਂ ਵਿਚ ਪਾ ਕੇ ਸੁਲਤਾਨਵਿੰਡ ਦੇ ਅੱਪਰ ਦੁਆਬ ਨਹਿਰ ਵਾਲੇ ਪੁਲ ਦੇ ਦੋਵੇਂ ਕਿਨਾਰਿਆਂ ’ਤੇ ਸੁੱਟ ਦਿੱਤਾ ਗਿਆ ਹੈ, ਜਿਸ ਕਾਰਨ ਇਲਾਕੇ ਵਿਚ ਗੰਦਗੀ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਇਸ ਪੁਲ ਨੂੰ ਬਹੁਤ ਹੀ ਸੁੰਦਰ ਦਿੱਖ ਦਿੱਤੀ ਗਈ ਸੀ ਅਤੇ ਇਸ ਦੀ ਸਜਾਵਟ ਵੀ ਕੀਤੀ ਗਈ ਸੀ, ਪਰ ਕੁਝ ਲੋਕਾਂ ਦੀ ਲਾਪਰਵਾਹੀ ਕਾਰਨ ਪੁਲ ਦੀ ਸੁੰਦਰਤਾ ਖ਼ਰਾਬ ਹੋ ਰਹੀ ਹੈ। ਉਨ੍ਹਾਂ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਧਾਰਮਿਕ ਪੂਜਾ ਕਰਨ ਤੋਂ ਬਾਅਦ ਪੂਜਾ ਸਮੱਗਰੀ ਨੂੰ ਇਸ ਤਰ੍ਹਾਂ ਜਨਤਕ ਥਾਵਾਂ ’ਤੇ ਸੁੱਟਣਾ ਬਿਲਕੁਲ ਗ਼ਲਤ ਹੈ। ਡਾ. ਢਿੱਲੋਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਪੁਲ ਦੇ ਦੋਵੇਂ ਪਾਸਿਆਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਭਵਿੱਖ ਵਿਚ ਅਜਿਹੀ ਗੰਦਗੀ ਫੈਲਾਉਣ ਵਾਲਿਆਂ ’ਤੇ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਜਾਣਬੁੱਝ ਕੇ ਪੁਲ ਦੀ ਸੁੰਦਰਤਾ ਨੂੰ ਨੁਕਸਾਨ ਪਹੁੰਚਾਉਂਦੇ ਹਨ, ਉਨ੍ਹਾਂ ਦੀ ਪਛਾਣ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਭਾਰੀ ਜੁਰਮਾਨੇ ਲਗਾਏ ਜਾਣ, ਤਾਂ ਜੋ ਲੋਕ ਜਨਤਕ ਥਾਵਾਂ ਨੂੰ ਸਾਫ਼- ਸੁਥਰਾ ਰੱਖਣ ਲਈ ਆਪਣੀ ਜ਼ਿੰਮੇਵਾਰੀ ਸਮਝਣ।