ਹਰਸਾ ਛੀਨਾ, 1 ਸਤੰਬਰ (ਕੜਿਆਲ)-ਬੀਤੇ ਕੁਝ ਦਿਨਾਂ ਤੋਂ ਪਹਾੜੀ ਖੇਤਰਾਂ ਵਿਚ ਹੋ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਰਾਜ ਦੇ ਕੁਝ ਜ਼ਿਲਿ੍ਹਆਂ ਵਿਚ ਹੜ੍ਹਾਂ ਦੇ ਪਾਣੀ ਵਲੋਂ ਮਚਾਈ ਤਬਾਹੀ ਕਾਰਨ ਪ੍ਰਭਾਵਿਤ ਹੋਏ ਪਿੰਡਾਂ ਵਿਚ ਵਸੇ ਨਾਗਰਿਕਾਂ ਦੀ ਸਾਰ ਲੈਂਦਿਆਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸੀਨੀਅਰ ਨੌਜਵਾਨ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਛੀਨਾ ਵਲੋਂ ਪਹਿਲ ਕਦਮੀ ਕਰਦਿਆਂ ਹਰਸਾ ਛੀਨਾ ਤਹਿਤ ਪੈਂਦੀਆਂ ਪੰਜ ਪੱਤੀਆਂ ਦੀਆਂ ਪੰਚਾਇਤਾਂ ਅਤੇ ਮੁਹਤਬਰ ਆਗੂਆਂ ਨਾਲ ਇਕ ਸੁਰ ਹੁੰਦਿਆਂ ਹੜ੍ਹਾਂ ਤੋਂ ਪ੍ਰਭਾਵਿਤ ਪਿੰਡ ਅੰਦਰ ਮੜ ਵਸੇਬੇ ਨੂੰ ਲਾਗੂ ਕਰਦਿਆਂ ਗੋਦ ਲੈਣ ਦਾ ਐਲਾਨ ਕੀਤਾ | ਇਸ ਸੰਬੰਧੀ ਗੁਰਦੁਆਰਾ ਬਾਬਾ ਜੀ ਦੀ ਕੁੱਲੀ ਵਿਚਲਾ ਕਿਲ੍ਹਾ ਵਿਖੇ ਨੌਜਵਾਨ ਆਗੂ ਗੁਰਸ਼ਰਨ ਸਿੰਘ ਛੀਨਾ ਦੀ ਅਗਵਾਈ ਹੇਠ ਪਿੰਡ ਵਿਚਲਾ ਕਿਲ੍ਹਾ, ਵਰਨਾਲੀ, ਉੱਚਾ ਕਿਲ੍ਹਾ, ਸਬਾਜ਼ਪੁਰ ਅਤੇ ਕੁੱਕੜਾਂਵਾਲਾ ਦੇ ਪੰਜ ਪਿੰਡਾਂ ਦੇ ਮੁਹਤਬਰ ਵਿਅਕਤੀਆਂ ਗੁਰਸ਼ਰਨ ਸਿੰਘ ਛੀਨਾ, ਅੰਗਰੇਜ਼ ਸਿੰਘ ਸਰਪੰਚ ਵਿਚਲਾ ਕਿਲ੍ਹਾ, ਬਿਕਰਮਜੀਤ ਸਿੰਘ ਸਰਪੰਚ ਸਬਾਜ਼ਪੁਰ, ਨਰੇਸ਼ ਕੁਮਾਰ ਸਰਪੰਚ ਕੁੱਕੜਾਂਵਾਲਾ, ਜਗਬੀਰ ਸਿੰਘ ਸਰਪੰਚ ਵਰਨਾਲੀ, ਕੰਵਲਸ਼ਮਸ਼ੇਰ ਸਿੰਘ ਛੀਨਾ ਸਾਬਕਾ ਸਰਪੰਚ, ਹਰਦੇਵ ਸਿੰਘ ਸਰਪੰਚ, ਬਿੱਲਾ ਉੱਚਾ ਕਿਲ੍ਹਾ, ਤਰਸੇਮ ਸਿੰਘ ਸੇਮਾਂ, ਬਿੱਲਾ ਛੀਨਾ, ਪ੍ਰਮਜੀਤ ਸਿੰਘ ਛੀਨਾ, ਹਰਦੇਵ ਸਿੰਘ ਛੀਨਾ, ਯਾਦਵਿੰਦਰ ਸਿੰਘ ਛੀਨਾ, ਰੇਸ਼ਮ ਸਿੰਘ ਛੀਨਾ, ਕੈਪਟਨ ਬਲਜੀਤ ਸਿੰਘ, ਸੁਖਦੇਵ ਸਿੰਘ ਛੀਨਾ, ਲਖਵਿੰਦਰ ਸਿੰਘ ਫੌਜੀ, ਦਿਲਬਾਗ ਸਿੰਘ ਵਰਨਾਲੀ, ਮੇਜਰ ਸਿੰਘ, ਚਰਨਜੀਤ ਸਿੰਘ, ਹਰਦੀਪ ਸਿੰਘ ਵਰਨਾਲੀ, ਅਮਨਦੀਪ ਸਿੰਘ ਸਬਾਜਪੁਰ, ਹਰਦੀਪ ਸਿੰਘ ਸਾਬਜਪੁਰ, ਹਰਮਨਦੀਪ ਸਿੰਘ, ਗੁਰਮੀਤ ਸਿੰਘ, ਬਲਜਿੰਦਰ ਸਿੰਘ ਛੀਨਾ ਸਮੇਤ ਹੋਰਾਂ ਵਲੋਂ ਸਾਂਝੇ ਤੌਰ 'ਤੇ ਫ਼ੈਸਲਾ ਲਿਆ ਕਿ ਜਿਸ ਪਿੰਡ ਹੜ੍ਹ ਦੇ ਪਾਣੀ ਨਾਲ ਸਭ ਤੋਂ ਵੱਧ ਨੁਕਸ਼ਾਨ ਹੋਇਆ ਹੋਵੇਗਾ, ਉਸ ਨੂੰ ਮੁੜ 'ਅਬਾਦ' ਕਰਨ ਲਈ, ਇਕ ਪਿੰਡ ਨੂੰ ਗੋਦ ਲੈ ਕੇ ਉਸ ਪਿੰਡ ਦੇ ਮੁੜ ਵਸੇਬੇ ਲਈ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ 10 ਲੱਖ ਰੁਪਏ ਆਪਣੇ ਵਲੋਂ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਮੈਂ ਹਰਸਾ ਛੀਨਾ ਦੇ ਸਮੂਹ ਪਿੰਡ ਵਾਸੀਆਂ ਦਾ ਰਿਣੀ ਹਾਂ ਜਿਨ੍ਹਾਂ ਨੇ ਇਸ ਸ਼ਲਾਘਾਯੋਗ ਉਪਰਾਲੇ ਵਿਚ ਸਹਿਯੋਗ ਕਰਦਿਆਂ ਮੌਕੇ 'ਤੇ 20 ਲੱਖ ਰੁਪਏ ਹੜ੍ਹ ਪ੍ਰਭਾਵਿਤ ਲੋਕਾਂ ਲਈ ਇਕੱਠਾ ਕਰ ਦਿੱਤਾ | ਛੀਨਾ ਨੇ ਅੱਗੇ ਕਿਹਾ ਕਿ ਅਸੀਂ ਕਮੇਟੀ ਦਾ ਗਠਨ ਕਰਕੇ ਅਜਨਾਲਾ ਖੇਤਰ 'ਚ ਹੜ੍ਹ ਦੀ ਮਾਰ ਨਾਲ ਬਰਬਾਦ ਹੋਏ ਪਿੰਡ ਨੂੰ ਗੋਦ ਲੈ ਕੇ ਪਾਣੀ ਉਤਰਣ ਤੋਂ ਬਾਅਦ ਉਸ ਪਿੰਡ ਵਿਚ 50 ਲੱਖ ਰੁਪਏ ਦੇ ਕਰੀਬ ਪਿੰਡ ਦੀ ਭਲਾਈ ਲਈ ਜਿਵੇਂ ਜ਼ਮੀਨ ਪੱਧਰੀ ਕਰਨ ਲਈ ਤੇਲ, ਲੋੜਵੰਦ ਪਰਿਵਾਰਾਂ ਦੇ ਮਕਾਨ ਬਣਾਉਣ ਵਾਸਤੇ ਅਤੇ ਇਸ ਤੋਂ ਇਲਾਵਾ ਹੋਰ ਜਿੱਥੇ ਲੋੜ ਹੋਵੇਗੀ, ਇਹ ਪੈਸੇ ਖਰਚ ਕੀਤੇ ਜਾਣਗੇ | ਸ: ਛੀਨਾ ਨੇ ਸਾਰੇ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਪ੍ਰਭਾਵਿਤ ਲੋਕਾਂ ਦਾ ਸਹਿਯੋਗ ਕਰਦੇ ਆਂ ਉਨ੍ਹਾਂ ਦੇ ਮੁੜ ਵਸੇਬੇ ਲਈ ਹਰੇਕ ਪਿੰਡ ਨੂੰ ਗੋਦ ਲਿਆ ਜਾਵੇ | ਸ: ਛੀਨਾ ਨੇ ਅਪੀਲ ਕੀਤੀ ਕਿ ਬਾਕੀ ਪੰਜ-ਪੰਜ ਪਿੰਡ ਰਲਕੇ ਇਕ-ਇਕ ਪਿੰਡ ਨੂੰ ਗੋਦ ਲੈ ਕਿ ਪੀੜਤ ਪਰਿਵਾਰਾਂ ਦੀ ਹਕੀਕੀ ਰੂਪ ਵਿਚ ਮਦਦ ਕਰੀਏ ਤਾਂ ਜੋ ਉਨ੍ਹਾਂ ਦੀ ਇਸ ਮੁਸ਼ਕਿਲ ਦੀ ਘੜੀ ਵਿਚ ਹੌਸਲਾ ਅਫ਼ਜਾਈ ਹੋ ਸਕੇ |