ਬਾਬਾ ਬਕਾਲਾ ਸਾਹਿਬ, 2 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਭਾਰੀ ਬਾਰਿਸ਼ ਦੌਰਾਨ ਹਲਕਾ ਬਾਬਾ ਬਕਾਲਾ ਦੇ ਅਧੀਨ ਪੈਂਦੇ ਪਿੰਡ ਸਠਿਆਲਾ ਵਿਖੇ ਰਾਜਵਿੰਦਰ ਸਿੰਘ ਦੇ ਘਰ ਦੀ ਛੱਤ ਡਿੱਗਣ ਨਾਲ 12 ਸਾਲ ਦੀ ਇਕ ਬੱਚੀ ਦੀ ਮੌਤ ਹੋ ਗਈ ਹੈ ਅਤੇ ਬਾਕੀ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ | ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ: ਦਲਬੀਰ ਸਿੰਘ ਟੌਂਗ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪੁੱਜੇ ਅਤੇ ਜ਼ਖ਼ਮੀ ਹੋਏ ਮੈਂਬਰਾਂ ਦਾ ਹਾਲ ਚਾਲ ਪੁੱਛਿਆ ਅਤੇ ਮਿ੍ਤਕ ਬੱਚੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਵਿਧਾਇਕ ਟੌਂਗ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਾਰਿਸ਼ ਦੇ ਮਦੇਨਜ਼ਰ ਸੁਚੇਤ ਰਹਿਣ ਅਤੇ ਨੀਵੀਆਂ ਥਾਂਵਾਂ 'ਤੇ ਬਿਲਕੁਲ ਨਾ ਜਾਣ | ਇਸ ਮੌਕੇ ਡਾ: ਨੀਰਜ਼ ਭਾਟੀਆ ਸੀਨੀਅਰ ਮੈਡੀਕਲ ਅਫਸਰ, ਡਾ: ਲਖਵਿੰਦਰ ਸਿੰਘ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਸਰਪੰਚ ਸੁਰਿੰਦਰਪਾਲ ਸਿੰਘ ਲੱਡੂ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲਕਾ, ਸਰਪੰਚ ਸਰਵਿੰਦਰ ਸਿੰਘ ਸੁਧਾਰ, ਸਰਪੰਚ ਜੋਧਾ ਸਿੰਘ ਛਾਪਿਆਂਵਾਲੀ, ਪ੍ਰਧਾਨ ਹੀਰਾ ਸਿੰਘ ਭੱਠੇ ਵਾਲੇ, ਵਿਸ਼ਾਲ ਮੰਨਣ ਅਤੇ ਹੋਰ ਹਾਜ਼ਰ ਸਨ |