ਅਜਨਾਲਾ, 5 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਵਿਚ ਆਏ ਹੜ੍ਹ ਕੁਦਰਤੀ ਨਹੀਂ ਹਨ, ਸਗੋਂ ਇਹ ਸਰਕਾਰਾਂ ਦੀ ਨਲਾਇਕੀ ਦਾ ਨਤੀਜਾ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਹੜ੍ਹ ਪੀੜਤ ਪਿੰਡਾਂ ਵਿੱਚ ਜਾ ਕੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਣ ਅਤੇ ਉਨ੍ਹਾਂ ਦਾ ਹਾਲ ਜਾਨਣ ਮੌਕੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿਚ ਪਹਿਲੀ ਵਾਰ ਇਹੋ ਜਿਹੇ ਮਾੜੇ ਹਾਲਾਤ ਦੇਖੇ ਹਨ, ਇਸ ਤੋਂ ਪਹਿਲਾਂ 1988 ਅਤੇ ਫਿਰ 2023 'ਚ ਪੰਜਾਬ 'ਚ ਕਈ ਥਾਈਾ ਹੜ੍ਹ ਆਏ ਸੀ, ਪਰ ਮੈਂ ਕਿਸਾਨ ਭਰਾਵਾਂ ਦਾ ਇੰਨਾ ਭਾਰੀ ਨੁਕਸਾਨ ਹੁੰਦਾ ਕਦੇ ਨਹੀਂ ਵੇਖਿਆ | ਸ. ਅਜਨਾਲਾ ਨੇ ਅੱਗੇ ਕਿਹਾ ਕਿ ਰਾਵੀ ਦਰਿਆ ਦੇ ਬੰਨ੍ਹ ਉਨ੍ਹਾਂ ਜਗ੍ਹਾ ਤੋਂ ਟੁੱਟੇ ਹਨ, ਜਿੱਥੇ ਨਾਜਾਇਜ਼ ਮਾਈਨਿੰਗ ਹੁੰਦੀ ਰਹੀ ਹੈ ਅਤੇ ਰਾਵੀ ਦਰਿਆ ਦੇ ਕੰਢੇ ਉਥੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਸਨ, ਪਰ ਸਰਕਾਰ ਵਲੋਂ ਸਮਾਂ ਰਹਿੰਦੇ ਇਨ੍ਹਾਂ ਕੰਢਿਆਂ ਨੂੰ ਮਜ਼ਬੂਤ ਕਰਨ ਵੱਲ ਕੋਈ ਠੋਸ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਦਰਿਆਵਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਕਰੋੜਾਂ ਰੁਪਏ ਦੇ ਜਾਰੀ ਹੋਏ ਫੰਡ ਸਰਕਾਰ ਵਲੋਂ ਕਿੱਥੇ ਖਰਚੇ ਗਏ ਇਸ ਦਾ ਕੋਈ ਪਤਾ ਨਹੀਂ ਲੱਗ ਰਿਹਾ | ਉਨ੍ਹਾਂ ਕਿਹਾ ਕਿ ਇਹ ਸਮਾਂ ਅਜਿਹੀਆਂ ਗੱਲਾਂ ਕਰਨ ਦਾ ਨਹੀਂ, ਸਗੋਂ ਲੋਕਾਂ ਦੀਆਂ ਲੋਕਾਂ ਦੀ ਸਹਾਇਤਾ ਕਰਨ ਦਾ ਹੈ, ਪਰ ਉਨ੍ਹਾਂ ਨੂੰ ਇਹ ਸਭ ਵੇਖ ਕੇ ਭਾਰੀ ਦੁੱਖ ਮਹਿਸੂਸ ਹੋ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਹੜ੍ਹ ਪੀੜ੍ਹਤ ਲੋਕਾਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ ਹਨ | ਇਸ ਮੌਕੇ ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਸੰਮਤੀ ਮੈਂਬਰ ਰਾਣਾ ਰਣਜੀਤ ਸਿੰਘ ਭੱਖਾ, ਕੁੰਨਣ ਸਿੰਘ ਫੁੱਲੇਚੱਕ, ਜਸਬੀਰ ਸਿੰਘ ਢਿੱਲੋਂ, ਹਰਪਾਲ ਸਿੰਘ ਗਗਨ ਢਿੱਲੋਂ, ਹਰਮਨ ਢਿੱਲੋਂ ਫੁੱਲੇਚੱਕ, ਗੁਰਦੀਪ ਸਿੰਘ ਸਿਰਸਾ, ਸ਼ੁੱਭ ਸਿਰਸਾ ਅਤੇ ਪ੍ਰਭ ਸਿਰਸਾ ਤੇ ਹੋਰ ਹਾਜ਼ਰ ਸਨ |