ਅਜਨਾਲਾ/ਰਮਦਾਸ/ਗੱਗੋਮਾਹਲ, 5 ਸਤੰਬਰ (ਢਿੱਲੋਂ/ ਵਾਹਲਾ/ ਸੰਧੂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਇਲਾਕੇ ਵਿਚ ਆਫਤ ਦਾ ਕਾਰਨ ਬਣੇ ਰਾਵੀ ਦਰਿਆ ਦੇ ਉਹ ਬੰਨ੍ਹ ਜਿਨ੍ਹਾਂ ਦੇ ਟੁੱਟਣ ਕਾਰਨ ਇਸ ਇਲਾਕੇ ਵਿਚ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਤੇ ਤਿੰਨ ਕੀਮਤੀ ਜਾਨਾਂ ਅਜਾਈਾ ਚਲੇੇ ਜਾਣ ਤੋਂ ਇਲਾਵਾ ਹੋਰ ਵੀ ਮਾਲੀ ਨੁਕਸਾਨ ਹੋਇਆ ਸੀ, ਨੂੰ ਭਰਨ ਦਾ ਕੰਮ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਮਹਾਂਪੁਰਖਾਂ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ | ਬੰਨ੍ਹ ਪੂਰਨ ਦੀ ਸੇਵਾ ਵਿਚ ਹਿੱਸਾ ਪਾਉਣ ਲਈ ਅੱਜ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਪਿੰਡ ਘੋਨੇਵਾਲਾ ਨਜ਼ਦੀਕ ਪੁੱਜੇ, ਜਿਥੇ ਉਨ੍ਹਾਂ ਬੰਨ੍ਹ ਪੂਰਨ ਦੀ ਚੱਲ ਰਹੀ ਸੇਵਾ ਵਿਚ ਹਿੱਸਾ ਪਾਇਆ ਤੇ ਆਪਣੇ ਹੱਥੀਂ ਸੇਵਾ ਕਾਰਜ ਨਿਭਾਏ | ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਘੋਨੇਵਾਲਾ ਧੁੱਸੀ ਬੰਨ੍ਹ 'ਤੇ ਲਗਭਗ 500 ਮੀਟਰ ਚੌੜਾ ਪਾੜ ਪਿਆ ਹੈ | ਉਨ੍ਹਾਂ ਦੱਸਿਆ ਕਿ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਸਤਨਾਮ ਸਿੰਘ ਗੁਰੂ ਕਾ ਬਾਗ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਪੂਰਨ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ | ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਆਪਣੇ ਅਧਿਕਾਰੀਆਂ ਨਾਲ ਮੌਕੇ ਉੱਤੇ ਪਹੁੰਚ ਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਐਕਸੀਅਨ ਗੁਰਬੀਰ ਸਿੰਘ ਨੇ ਦੱਸਿਆ ਕਿ ਅੱਜ ਦਰਿਆ ਵਿਚ ਪਾਣੀ ਦਾ ਪੱਧਰ ਘਟਿਆ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ 190 ਪਿੰਡ ਹੜ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚ ਵਸਦੇ ਇੱਕ ਲੱਖ 35 ਹਜ਼ਾਰ ਵਸੋਂ ਹੜ੍ਹ ਨਾਲ ਪ੍ਰਭਾਵਿਤ ਹੋਈ ਹੈ |
ਘੋਨੇਵਾਲਾ ਦੇ ਧੁੱਸੀ ਬੰਨ੍ਹ 'ਚ ਲਗਭਗ 500 ਮੀਟਰ ਪਿਆ ਪਾੜ-ਧਾਲੀਵਾਲ
ਅਜੀਤ ਡੈਸਕ
06-09-2025