ਅਜਨਾਲਾ, 5 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੜੇ ਮਾਣ ਵਾਲੀ ਗੱਲ ਹੈ ਕਿ ਸਾਡਾ ਅੱਜ ਦਾ ਨੌਜਵਾਨ ਵਰਗ ਮਨੁੱਖਤਾ ਦੇ ਭਲੇ ਲਈ ਖੁਦ ਅੱਗੇ ਆ ਰਿਹਾ ਹੈ ਅਤੇ ਆਪਣੀ ਪੱਧਰ 'ਤੇ ਹੜ੍ਹਾਂ ਦੌਰਾਨ ਬੇਘਰੇ ਹੋਏ ਲੋਕਾਂ ਨੂੰ ਮੁੜ ਵਸਾਉਣ ਲਈ ਯਤਨ ਕਰ ਰਿਹਾ ਹੈ | ਉਕਤ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਨਾਂ ਨੌਜਵਾਨਾਂ ਦਾ ਜਨੂੰਨ ਦੇਖ ਕੇ ਲੱਗਦਾ ਹੈ ਕਿ ਇਹ ਆਪਣੇ ਦੇਸ਼, ਸੂਬੇ ਲਈ ਕੁਝ ਕਰਨਾ ਚਾਹੁੰਦੇ ਹਨ | ਇਸ ਸੰਬੰਧੀ ਇਕ ਨੌਜਵਾਨ ਲੜਕੀ ਮਿਸ ਅਮੀਰਾ ਮਹਿਰਾ ਨੇ ਆਪਣੇ ਪਿਤਾ ਸ੍ਰੀ ਰਾਘਵ ਮਹਿਰਾ ਅਤੇ ਮਾਤਾ ਗਰਿਮਾ ਮਹਿਰਾ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਮੈਂ ਬੇਘਰੇ ਲੋਕਾਂ ਲਈ ਪ੍ਰੋਜੈਕਟ ਬਸੇਰਾ ਲੈ ਕੇ ਆਈ ਹਾਂ | ਅਮੀਰਾ ਨੇ ਦੱਸਿਆ ਕਿ ਇਹ ਵਿਚਾਰ ਸਭ ਤੋਂ ਪਹਿਲਾਂ ਮੇਰੇ ਮਨ ਵਿਚ ਉਸ ਸਮੇਂ ਆਇਆ ਸੀ ਜਦੋਂ ਮੈਂ ਹੜ੍ਹਾਂ ਦੌਰਾਨ ਰਮਦਾਸ ਵਿਚ ਖੜ੍ਹੀ ਹੋ ਕੇ ਆਪਣੀ ਅੱਖੀ ਤਬਾਹੀ ਨੂੰ ਦੇਖਿਆ ਕਿ ਲੋਕ ਪਾਣੀ ਵਿਚ ਪੂਰੇ ਡੁੱਬ ਚੁੱਕੇ ਹਨ | ਮੈਂ ਸੋਚਿਆ ਕਿ ਇਨ੍ਹਾਂ ਬੇਘਰੇ ਲੋਕਾਂ ਲਈ ਕੁਝ ਕਰਨ ਦੀ ਲੋੜ ਹੈ ਤਾਂ ਜੋ ਇਨ੍ਹਾਂ ਪਰਿਵਾਰਾਂ ਨੂੰ ਸਿਰਫ ਤੁਰੰਤ ਰਾਹਤ ਹੀ ਨਾ ਮਿਲੇ ਸਗੋਂ ਲੰਬੇ ਸਮੇਂ ਦੀ ਸੁਰੱਖਿਆ ਵੀ ਹੋਵੇ | ਮਿਸ ਅਮੀਰਾ ਮਹਿਰਾ ਨੇ ਦੱਸਿਆ ਕਿ ਇਸ ਲਈ ਉਸਨੇ ਸੋਚਿਆ ਕਿ 40 ਫੁੱਟ ਲੰਬੇ ਕੰਟੇਨਰ ਦੇ ਘਰ ਲਗਾਏ ਜਾਣ ਅਤੇ ਹਰ ਘਰ ਵਿਚ 4 ਮੈਂਬਰਾਂ ਦਾ ਪਰਿਵਾਰ ਆਰਾਮ ਨਾਲ ਰਹਿ ਸਕੇ ਅਤੇ ਹਰੇਕ ਯੂਨਿਟ ਵਿਚ ਰਸੋਈ ਅਤੇ ਇਸ਼ਨਾਨ ਘਰ ਹੋਵੇਗਾ | ਨੌਜਵਾਨ ਲੜਕੀ ਨੇ ਦੱਸਿਆ ਕਿ ਉਸਦਾ ਇਹ ਪਹਿਲਾ ਕੰਟੇਨਰ 15 ਸਤੰਬਰ ਤੱਕ ਆ ਜਾਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਬੇਘਰੇ ਲੋਕਾਂ ਲਈ ਹੜ੍ਹ ਪੀੜ੍ਹਤ ਇਲਾਕੇ ਵਿਚ ਲਗਾਇਆ ਜਾਵੇਗਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਤੇ ਹੋਰ ਅਧਿਕਾਰੀ ਹਾਜ਼ਰ ਸਨ |