18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹਾਂ ਦੀ ਮਾਰ ਨੇ ਸਰਹੱਦੀ ਖੇਤਰ ਦਾ ਕੀਤਾ ਬੁਰਾ ਹਾਲ–ਸੜਕਾਂ ਟੁੱਟੀਆਂ, ਬਿਜਲੀ ਸਪਲਾਈ ਠੱਪ <br/>

Ad Position 21
No active advertisement
ਅਜੀਤ ਡੈਸਕ 06-09-2025
ਗੱਗੋਮਾਹਲ/ਅਜਨਾਲਾ/ਰਮਦਾਸ 5 ਸਤੰਬਰ (ਸੰਧੂ, ਢਿੱਲੋਂ, ਵਾਹਲਾ)—ਦਰਿਆ ਰਾਵੀ 'ਚ ਪਾਣੀ ਦਾ ਪੱਧਰ ਭਾਵੇਂ ਕੁਝ ਘਟਿਆ ਹੈ ਪ੍ਰੰਤੂ ਖੇਤਰ ਵਿਚ ਪੈਂਦੇ ਪ੍ਰਮੁੱਖ ਨਾਲੇ, ਸੱਕੀ ਨਾਲਾ ਤੇ ਨੌਮਣੀ ਨਾਲਾ ਨੱਕੋ ਨੱਕ ਭਰੇ ਹੋਏ ਹਨ, ਅਨੇਕਾ ਬਹਿਕਾਂ ਅੱਜ ਵੀ ਪਾਣੀ ਵਿਚ ਘਿਰੀਆਂ ਹੋਈਆਂ ਦਿਸ ਰਹੀਆਂ ਹਨ | ਹੜ੍ਹਾਂ ਨਾਲ ਇਨ੍ਹਾਂ ਬਹਿਕਾਂ 'ਤੇ ਰਹਿੰਦੇ ਲੋਕਾਂ ਦੇ ਹਜ਼ਾਰਾਂ ਪਸ਼ੂ ਮਾਰੇ ਜਾਣ ਦਾ ਖਦਸ਼ਾ ਹੈ ਤੇ ਕਿਸਾਨਾਂ ਦੀਆ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ | ਪਾਣੀ ਵਿਚ ਘਿਰੇ ਪਿੰਡਾਂ ਦੇ ਡੇਰਿਆਂ ਦੇ ਜ਼ਿਆਦਾ ਮਕਾਨਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਜਦੋਂ ਕਿ ਕਈ ਘਰ ਡਿੱਗ ਚੁੱਕੇ ਹਨ ਤੇ ਉਨ੍ਹਾਂ ਵਿਚ ਵਸਦੇ ਲੋਕ ਬੇਘਰ ਹੋ ਕੇ ਸੜਕਾਂ, ਧੁੱਸੀ ਬੰਨਾਂ ਉੱਪਰ ਅਤੇ ਬੱਚੇ ਮਕਾਨਾਂ ਦੀਆ ਛੱਤਾਂ ਉਪਰ ਤੰਬੂ ਲਗਾ ਕੇ ਰਹਿਣ ਲਈ ਮਜਬੂਰ ਹਨ | ਅਜਨਾਲਾ ਡੇਰਾ ਬਾਬਾ ਨਾਨਕ ਮੁੱਖ ਸੜਕ 'ਤੇ ਅਜੇ ਵੀ ਕਈ ਥਾਵਾਂ 'ਤੇ 3 ਤੋਂ ਚਾਰ ਫੁੱਟ ਪਾਣੀ ਚਲ ਰਿਹਾ ਹੈ ਜਿਸ ਵਿਚ ਦੋ ਪਹੀਆ ਵਾਹਨਾਂ ਦਾ ਚੱਲਣਾ ਮੁਸ਼ਕਿਲ ਹੈ | ਖੇਤਰ ਦੀ ਬਿਜਲੀ ਸਪਲਾਈ ਪਿਛਲੇ 11 ਦਿਨਾਂ ਤੋਂ ਬੰਦ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਕਿੱਲਤ ਤੇ ਟੈਲੀਫੋਨ ਸੇਵਾਵਾਂ ਠੱਪ ਹੋ ਗਈਆਂ ਹਨ | ਬਿਜਲੀ ਸਪਲਾਈ ਨਾ ਹੋਣ ਕਾਰਨ ਮੱਛਰਾਂ ਦੀ ਭਰਮਾਰ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਪੈਦਾ ਹੋ ਚੁੱਕਾ ਹੈ | ਰਾਵੀ ਦਰਿਆ ਨਾਲ ਪੈਂਦੇ ਧੁੱਸੀ ਬੰਨ ਵਿਚ ਪਏ ਪਾੜਾਂ ਨੂੰ ਭਰਨ ਲਈ ਭਾਰਤੀ ਸੈਨਾ ਤੇ ਕਾਰ ਸੇਵਾ ਵਾਲੇ ਬਾਬੇ ਅੱਗੇ ਆ ਚੁੱਕੇ ਹਨ ਤੇ ਉਨ੍ਹਾਂ ਨੇ ਇਨ੍ਹਾਂ ਪਾੜਾਂ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਧੁੱਸੀ ਵਿਚ ਪਾੜ ਜ਼ਿਆਦਾ ਹੋਣ ਕਾਰਨ ਸਮਾਂ ਲੱਗ ਸਕਦਾ ਹੈ | ਪਾਵਰਕਾਮ ਵਲੋਂ ਬਿਜਲੀ ਸਪਲਾਈ ਚਾਲੂ ਕਰਨ ਲਈ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ ਜਿਸ ਸਦਕਾ ਕਸਬਾ ਰਮਦਾਸ ਦੀ ਬਿਜਲੀ ਸਪਲਾਈ ਤਕਰੀਬਨ ਮੁਕੰਮਲ ਤੌਰ 'ਤੇ ਚਾਲੂ ਹੋ ਚੁੱਕੀ ਹੈ ਪ੍ਰੰਤੂ ਪਿੰਡਾਂ ਵਿਚ ਬਿਜਲੀ ਸਪਲਾਈ ਲਈ ਇੰਤਜ਼ਾਰ ਅਜੇ ਹੋਰ ਕਰਨਾ ਪੈ ਸਕਦਾ ਹੈ ਕਿਉਂਕਿ ਕਈ ਪਿੰਡਾਂ ਅੰਦਰ ਲੱਗੇ ਮੀਟਰ ਬਕਸੇ ਅੱਜ ਵੀ ਪਾਣੀ ਵਿਚ ਡੁੱਬੇ ਹੋਏ ਹਨ | ਅੰਮਿ੍ਤਸਰ ਜ਼ਿਲ੍ਹੇ ਦੇ ਆਖ਼ਰੀ ਪਿੰਡ ਘੋਨੇਵਾਹਲਾ ਸਮੇਤ ਕਈ ਪਿੰਡਾਂ ਵਿਚ ਅਜੇ ਸੜਕੀ ਸੰਪਰਕ ਨਹੀਂ ਬਣ ਸਕਿਆ | ਸਮਾਜ ਸੇਵੀ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਵਲੋਂ ਪੀੜਤ ਲੋਕਾਂ ਜਿੱਥੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਪਸ਼ੂਆਂ ਦਾ ਚਾਰਾ, ਮੋਮਬੱਤੀਆਂ, ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ | ਕੁਝ ਸਮਾਜ ਸੇਵੀ ਸੰਸਥਾਵਾਂ ਵਲੋਂ ਚੌਕ ਤਲਾਬ ਵਾਲਾ ਰਮਦਾਸ ਤੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਪੱਕੇ ਲੰਗਰ ਲਗਾ ਕੇ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ | ਝੋਨੇ ਦੇ ਡੁੱਬੇ ਖੇਤਾਂ ਅਤੇ ਪਸ਼ੂਆਂ ਦੇ ਚਾਰੇ ਵਾਲੇ ਖੇਤਾਂ ਵਿਚੋਂ ਆ ਰਹੀ ਗੰਧ ਨੇ ਆਮ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਕੀਤਾ ਹੈ | ਡਿਪਟੀ ਕਮਿਸ਼ਨਰ ਅੰਮਿ੍ਤਸਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਤੇ ਹੋਰ ਸੰਸਥਾਵਾਂ ਕੈਂਪ ਲਗਾ ਕੇ ਪੀੜਤ ਲੋਕਾਂ ਨੂੰ ਮੈਡੀਸਨ ਮੁਹੱਈਆ ਕਰਵਾ ਰਹੀਆਂ ਹਨ | ਖੇਤਰ ਦੇ ਹਾਲਾਤਾਂ ਨੂੰ ਵੇਖਦਿਆਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਦਿਨ ਖੇਤਰ ਵਿਚ ਵਸਦੇ ਲੋਕਾਂ ਲਈ ਅਨੇਕਾਂ ਮੁਸੀਬਤਾਂ ਖੜ੍ਹੀਆਂ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ 'ਤੇ ਆੜ੍ਹਤ ਵਧਾਉਣ ਸੰਬੰਧੀ 'ਦੀ ਵੇਜੀਟੇਬਲ ਐਂਡ ਫਰੂਟ ਕਮਿਸ਼ਨ ਏਜੰਟ ਐਸੋਸੀਏਸ਼ਨ', ਸਬਜ਼ੀ ਮੰਡੀ ਵੱਲ੍ਹਾ ਦੀ ਮੀ... ਅਗਲੀ ਖ਼ਬਰ ਪ੍ਰੋਜੈਕਟ ਬਸੇਰਾ ਤਹਿਤ ਨੌਜਵਾਨ ਲੜਕੀ ਨੇ ਹੜ੍ਹਾਂ ਦੌਰਾਨ ਬੇਘਰੇ ਹੋਏ ਪਰਿਵਾਰਾਂ ਦੇ ਮੁੜ ਵਸੇਬੇ ਦਾ ਚੁੱਕਿਆ ਬੀੜਾ-ਡਿਪਟ...
Ad Position 24