ਅਜਨਾਲਾ, ਰਮਦਾਸ, ਗੱਗੋਮਾਹਲ, 5 ਸਤੰਬਰ (ਢਿੱਲੋ/ ਵਾਹਲਾ/ ਸੰਧੂ)-ਭਾਜਪਾ ਦੇ ਰਾਸ਼ਟਰੀ ਮਹਾਂਮੰਤਰੀ ਤਰੁਣ ਚੱੁਘ ਨੇ ਭਾਜਪਾ ਓ.ਬੀ.ਸੀ. ਮੋਰਚਾ ਦੇ ਸੂਬਾ ਪ੍ਰਧਾਨ, ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਇਕ ਦੇ ਪ੍ਰਧਾਨ ਅਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਦੀ ਅਗਵਾਈ ਹੇਠ ਖੁਦ ਟਰੈਕਟਰ ਚਲਾ ਕੇ ਸਰਹੱਦੀ ਪਿੰਡ ਘੋਹਨੇਵਾਲਾ ਪਹੁੰਚ ਕੇ ਰਾਵੀ ਦਰਿਆ ਵਿਚ ਆਏ ਹੜ੍ਹਾਂ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਲੋਕਾਂ ਦਾ ਹਾਲਚਾਲ ਵੀ ਜਾਣਿਆ | ਉਹ ਆਪਣੇ ਨਾਲ ਜਾਨ ਬਚਾਉਣ ਵਾਲੀਆਂ ਦਵਾਈਆਂ, ਓ.ਆਰ.ਐੱਸ, ਤਰਪਾਲਾਂ, ਮੱਛਰਦਾਨੀਆਂ, ਸੁੱਕਾ ਦੁੱਧ ਪਾਊਡਰ ਅਤੇ ਬੱਚਿਆਂ ਲਈ ਜ਼ਰੂਰੀ ਸਾਮਾਨ ਲੈ ਕੇ ਇਥੇ ਪਹੁੰਚੇ ਸਨ | ਭਾਜਪਾ ਦੇ ਰਾਸ਼ਟਰੀ ਮਹਾਂਮੰਤਰੀ ਤਰੁਣ ਚੁਘ ਨੇ ਕਿਹਾ ਕਿ ਇਹ ਤਬਾਹੀ ਕੇਵਲ ਕੁਦਰਤੀ ਆਫ਼ਤ ਨਹੀਂ ਸਗੋਂ ਆਫ਼ਦਾ ਪਾਰਟੀ ਸਰਕਾਰ ਦੀ ਨਾਕਾਮੀ ਤੋਂ ਪੈਦਾ ਹੋਈ ਮਾਨਵੀ ਤ੍ਰਾਸਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਜਜ਼ਬਾ ਹਰ ਆਫ਼ਤ ਨੂੰ ਮਾਤ ਦੇਵੇਗਾ | ਇਸ ਮੌਕੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਬੰਟਾ, ਇੰਦਰਜੀਤ ਸਿੰਘ ਰਮਦਾਸ, ਗੁਰਵਿੰਦਰ ਸਿੰਘ ਮੁਕਾਮ ਤੇ ਹੋਰ ਆਗੂ ਹਾਜ਼ਰ ਸਨ |