ਜੰਡਿਆਲਾ ਗੁਰੂ, 2 ਨਵੰਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਮਜਦੂਰਾਂ ਵਲੋਂ ਬਿਜਲੀ ਸੋਧ ਬਿੱਲ 2025 ਖ਼ਿਲਾਫ਼ ਨੰਗੇ ਧੜ ਹੋ ਕੇ ਅੰਮਿ੍ਤਸਰ ਜਲੰਧਰ ਹਾਈਵੇ 'ਤੇ ਟੋਲ ਪਲਾਜ਼ਾ ਨਿੱਜਰਪੁਰਾ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਸੂਬਾਈ ਆਗੂ ਸਰਵਣ ਸਿੰਘ ਪੰਧੇਰ, ਜਰਮਨਜੀਤ ਬੰਡਾਲਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਦੱਸਿਆ ਕਿ ਜਿਵੇਂ ਕੇਂਦਰ ਸਰਕਾਰ ਲਗਾਤਾਰ ਸਟੇਟਾਂ ਦੇ ਅਧਿਕਾਰਾਂ ਨੂੰ ਖਤਮ ਕਰ ਰਹੀ ਹੈ ਅਤੇ ਰਾਜਾਂ ਦੀ ਸੂਚੀ ਤਹਿਤ ਚੱਲਣ ਵਾਲੇ ਅਦਾਰਿਆਂ ਨੂੰ ਲਗਾਤਾਰ ਤਾਕਤ ਦੇ ਕੇਂਦਰੀਕਰਨ ਦੀ ਨੀਤੀ ਤਹਿਤ ਆਪਣੇ ਹੱਥਾਂ 'ਚ ਲੈ ਰਹੀ ਹੈ, ਜਿਸ ਦਾ ਮੁੱਖ ਮਨਸੂਬਾ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਹੈ | ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਇਸ ਖਰੜੇ ਨੂੰ ਰੱਦ ਕਰਾਉਣ ਲਈ ਲਾਮਬੰਦੀ ਦੀ ਲੋੜ ਦੇ ਚਲਦੇ ਜਥੇਬੰਦੀ ਵਲੋਂ ਵੱਡੀਆਂ ਕਨਵੈਨਸ਼ਨਾਂ ਅਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਐਲਾਨ ਅਨੁਸਾਰ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ ਖ਼ਿਲਾਫ਼ ਪੰਜਾਬ ਸਰਕਾਰ ਤੁਰੰਤ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਤਾੜਨਾ ਕਰਦੇ ਹੋਏ ਚਿੱਠੀ ਲਿਖੀ | ਉਨ੍ਹਾਂ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਸੈਨਟ ਨੂੰ ਭੰਗ ਕਰਕੇ ਯੂਨੀਵਰਸਿਟੀ ਦੇ ਕੰਟਰੋਲ ਨੂੰ ਆਪਣੇ ਹੱਥਾਂ ਵਿਚ ਲੈਣ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਇਸ ਮੌਕੇ ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀ ਵਿੰਡ, ਜ਼ੋਨ ਆਗੂ ਰਣਜੀਤ ਸਿੰਘ ਚਾਟੀ ਵਿੰਡ, ਗੁਰਭੇਜ ਸਿੰਘ ਭੀਲੋਵਾਲ ਬਲਜਿੰਦਰ ਸਿੰਘ ਸਭਰਾ, ਦਲਬੀਰ ਸਿੰਘ ਬਾਸਰਕੇ, ਕੰਵਲਜੀਤ ਸਿੰਘ ਵਨ ਚੜੀ, ਬਲਜੀਤ ਸਿੰਘ ਵੇਰਕਾ, ਮਨਰਾਜ ਸਿੰਘ ਵੱਲਾ, ਚਰਨਜੀਤ ਸਿੰਘ ਸਫੀਪੁਰ, ਪ੍ਰਗਟ ਸਿੰਘ ਗੁੰਨੋਵਾਲ, ਰੇਸ਼ਮ ਸਿੰਘ ਜੋਗਾ ਸਿੰਘ ਵਾਲਾ, ਰਣਜੀਤ ਸਿੰਘ ਰਾਣਾ, ਅਮਰਿੰਦਰ ਸਿੰਘ ਮਾਲੋਵਾਲ, ਬਲਦੇਵ ਸਿੰਘ ਭੰਗੂ, ਸੂਬੇਦਾਰ ਨਿਰੰਜਨ ਸਿੰਘ, ਬੀਬੀ ਕੁਲਵਿੰਦਰ ਕੌਰ ਕੋਟ ਖਹਿਰਾ, ਬੀਬੀ ਹਰਪ੍ਰੀਤ ਕੌਰ ਤਰਸਿੱਕਾ ਸਮੇਤ ਸੈਕੜੇ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਰ ਸਨ |
ਸੰਘਰਸ਼ ਕਮੇਟੀ ਨੇ ਟੋਲ ਪਲਾਜ਼ਾ 'ਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਅਜੀਤ ਡੈਸਕ
03-11-2025