ਮਜੀਠਾ, 21 ਨਵੰਬਰ (ਮਨਿੰਦਰ ਸਿੰਘ ਸੋਖੀ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਸਰਕਾਰ ਵਲੋਂ ਦਿੱਤੇ ਜਾਣ ਦੀ ਗਾਰੰਟੀ ਦਿੱਤੀ ਸੀ ਜਿਸ ਦੇ ਲਾਲਚ ਵਿਚ ਆ ਕੇ ਸੂਬੇ ਭਰ ਦੀਆਂ ਔਰਤਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਸੀ ਪਰ ਹੁਣ ਸੱਤਾ ਵਿਚ ਆਉਣ ਤੋਂ ਬਾਅਦ ਚਾਰ ਸਾਲ ਬੀਤ ਜਾਣ ਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੀਆਂ ਔਰਤਾਂ ਦੇ ਖਾਤਿਆਂ ਵਿਚ ਇੱਕ ਧੇਲਾ ਵੀ ਨਹੀਂ ਪਾਇਆ ਜਿਸ ਤੋਂ ਸਾਫ ਜ਼ਾਹਿਰ ਹੈ ਕਿ ਪੰਜਾਬ ਦੀ ਮਾਨ ਸਰਕਾਰ ਆਪਣੀ ਇਸ ਗਾਰੰਟੀ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਨੇ ਆਪਣੇ ਗ੍ਰਹਿ ਪਿੰਡ ਜੇਠੂਨੰਗਲ ਵਿਖੇ ਪਾਰਟੀ ਵਰਕਰਾਂ ਦੀ ਬੈਠਕ ਉਪਰੰਤ ਗੱਲਬਾਤ ਕਰਦਿਆਂ ਕੀਤਾ | ਭੁੱਲਰ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਖ਼ਜ਼ਾਨੇ ਨੂੰ ਆਪਣੇ ਦਿੱਲੀ ਬੈਠੇ ਦਿੱਲੀ ਦੀ ਜਨਤਾ ਵਲੋਂ ਨਾਕਾਰੇ ਗਏ ਲੀਡਰਾਂ ਦੀ ਐਸ਼ੋ ਇਸ਼ਰਤ 'ਤੇ ਅਤੇ ਆਪਣੀ ਪਾਰਟੀ ਦੀ ਇਸ਼ਤਿਹਾਰਬਾਜ਼ੀ 'ਤੇ ਖ਼ਰਚ ਕਰ ਰਹੀ ਹੈ ਪਰ ਪੰਜਾਬ ਦੇ ਲੋਕਾਂ ਦੇ ਭਲੇ ਵਾਸਤੇ ਇੱਕ ਧੇਲਾ ਵੀ ਖਰਚਣ ਲਈ ਤਿਆਰ ਨਹੀਂ | ਸੂਬੇ ਵਿਚਲੀ ਅਮਨ ਤੇ ਕਾਨੂੰਨ ਦੀ ਲਗਾਤਾਰ ਵਿਗੜ੍ਹ ਰਹੀ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਂਗਸਟਰਾਂ ਦਾ ਰਾਜ ਹੈ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਸਰਕਾਰ ਦੇ ਕੁਪ੍ਰਬੰਧਾਂ ਦੇ ਚਲਦਿਆਂ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਸੁਧਾਰਨ ਵਿਚ ਨਾਕਾਮ ਹੋ ਰਹੀਆਂ ਹਨ | ਜਿਸ ਨਾਲ ਸੂਬੇ ਦੀ ਅਰਥ ਵਿਵਸਥਾ 'ਤੇ ਵੱਡੀ ਸੱਟ ਵੱਜ ਰਹੀ ਹੈ | ਇਸ ਮੌਕੇ ਪ੍ਰਦੀਪ ਸਿੰਘ ਭੁੱਲਰ ਦੇ ਨਾਲ ਗੁਰਮੁੱਖ ਸਿੰਘ ਕਾਦਰਾਬਾਦ, ਰਾਕੇਸ਼ ਕੁਮਾਰ ਪੱਪਾ ਮਜੀਠਾ, ਸੁਰਿੰਦਰ ਸਿੰਘ ਗੋਲਡੀ ਚੌਹਾਨ, ਦਵਿੰਦਰ ਸਿੰਘ ਮਾਹਲਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ |