ਚੋਗਾਵਾਂ, 22 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਇਸ ਸਾਲ ਮਾਰਚ ਮਹੀਨੇ ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਾ ਮਿਲਣ ਕਾਰਨ ਰੋਹ 'ਚ ਆਏ ਇਲਾਕੇ ਦੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਅਤੇ ਜ਼ਿਲ੍ਹਾ ਪ੍ਰਧਾਨ ਸੁਵਿੰਦਰ ਸਿੰਘ ਕਲੇਰ ਦੀ ਅਗਵਾਈ ਹੇਠ ਤਹਿਸੀਲ ਲੋਪੋਕੇ ਅੱਗੇ ਧਰਨਾ ਲਗਾਇਆ ਗਿਆ | ਇਸ ਮੌਕੇ ਇਕੱਤਰ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਵਿੰਦਰ ਸਿੰਘ ਕਲੇਰ, ਰਣਜੀਤ ਸਿੰਘ ਰਾਣਾ, ਜਗਤਾਰ ਸਿੰਘ ਝੰਜੋਟੀ, ਜਸਪਾਲ ਸਿੰਘ ਕੋਟਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੀਂਹ ਅਤੇ ਗੜੇਮਾਰੀ ਕਾਰਨ ਖ਼ਰਾਬ ਹੋਈ ਕਣਕ ਦੀ ਫਸਲ ਦਾ ਵਿਸਾਖੀ ਤੱਕ ਮੁਆਵਜ਼ਾ ਦੇ ਦਿੱਤਾ ਜਾਵੇਗਾ ਪਰ ਸੈਂਕੜੇ ਪੀੜਤ ਕਿਸਾਨ ਆਪਣੀ ਫ਼ਸਲ ਦਾ ਮੁਆਵਜ਼ਾ ਲੈਣ ਲਈ ਅੱਜ ਵੀ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਰਹਿੰਦੇ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਦਾ, ਉਨ੍ਹਾਂ ਚਿਰ ਸਾਡੀ ਜਥੇਬੰਦੀ ਵਲੋਂ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਰੇਸ਼ਮ ਸਿੰਘ ਜ਼ਿਲ੍ਹਾ ਆਗੂ, ਸਾਹਿਬ ਸਿੰਘ ਚੈਨਪੁਰ, ਨਿਰਮਲ ਸਿੰਘ ਕਲੇਰ, ਸਤਨਾਮ ਸਿੰਘ ਕੋਟਲਾ, ਕੁਲਦੀਪ ਸਿੰਘ ਚੋਗਾਵਾਂ, ਜਸਪਾਲ ਸਿੰਘ, ਬਲਬੀਰ ਸਿੰਘ ਬਲਾਕ ਪ੍ਰਧਾਨ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ ਚੱਕ ਮਿਸ਼ਰੀ ਖਾਂ, ਬਲਾਕ ਪ੍ਰਧਾਨ, ਓਾਕਾਰ ਸਿੰਘ ਚੱਕ ਮਿਸ਼ਰੀ ਖਾਂ, ਹਰਦੀਪ ਸਿੰਘ ਖਿਆਲਾ ਆਦਿ ਹਾਜ਼ਰ ਸਨ |