ਅਜਨਾਲਾ, 22 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸ਼ਹਿਰ ਅੰਦਰ ਸਥਿਤ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਅਜਨਾਲਾ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਫਰ-ਏ-ਸ਼ਹਾਦਤ ਧਾਰਮਿਕ ਸਮਾਗਮ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਕੂਲ ਦੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਵਲੋਂ ਆਰੰਭ ਕੀਤੇ ਸਹਿਜ ਪਾਠਾਂ ਦੇ ਭੋਗ ਪਾਏ ਗਏ | ਇਸ ਤੋਂ ਉਪਰੰਤ ਸੰਗੀਤ ਅਧਿਆਪਕ ਸ੍ਰੀਮਤੀ ਨਵਨੀਤ ਕੌਰ, ਤਬਲਾ ਵਾਦਕ ਰਣਜੀਤ ਸਿੰਘ ਅਤੇ ਸਕੂਲੀ ਵਿਦਿਆਰਥੀਆਂ ਦੁਆਰਾ ਸ਼ਬਦ ਕੀਰਤਨ ਗਾਇਨ ਕੀਤੇ ਗਏ | ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਗੁਰਭੇਜ ਸਿੰਘ ਵੱਲੋਂ ਬੱਚਿਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ | ਇਸ ਤੋਂ ਇਲਾਵਾ ਸਹਿਜ ਪਾਠ ਸੇਵਾ ਸੁਸਾਇਟੀ ਤੋਂ ਮਨਜੀਤ ਸਿੰਘ, ਰਣਜੋਧ ਸਿੰਘ ਅਤੇ ਗੁਰਸ਼ੇਰ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣੂੰ ਕਰਵਾਉਣ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਅਤੇ ਸ਼ਹੀਦੀ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿ੍ੰਸੀਪਲ ਮੁਕਤਾ ਤ੍ਰੇਹਨ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦੇ ਸਬੰਧ 'ਚ ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਅੰਮਿ੍ਤਸਰ ਦੇ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਸ਼ਹੀਦੀ ਪੰਦਰਵਾੜੇ ਨਾਲ ਸਬੰਧਤ ਸਵੇਰੇ ਦੀ ਸਭਾ ਵਿਚ ਗਤੀਵਿਧੀਆਂ ਚਲਦੀਆਂ ਰਹਿਣਗੀਆਂ | ਅੰਤ 'ਚ ਪਿ੍ੰਸੀਪਲ ਮੁਕਤਾ ਤ੍ਰੇਹਨ ਵਲੋਂ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਫਾਊਾਡਰ ਮੈਂਬਰ ਦਰਸ਼ਨ ਸਿੰਘ ਨਿੱਜਰ, ਮੈਂਬਰ ਇੰਚਾਰਜ ਐਡਵੋਕੇਟ ਇੰਦਰਜੀਤ ਸਿੰਘ ਅੜੀ, ਗੁਰਭੇਜ ਸਿੰਘ, ਭਰਪੂਰ ਸਿੰਘ ਅਤੇ ਜੁਗਰਾਜ ਸਿੰਘ ਰਿਆੜ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਅਤੇ ਸਕੂਲ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ |