ਮਜੀਠਾ, 28 ਦਸੰਬਰ (ਜਗਤਾਰ ਸਿੰਘ ਸਹਿਮੀ)-ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਨੂੰ ਖਤਮ ਕਰਕੇ ਨਵਾਂ ਵਿਕਸਿਤ ਭਾਰਤ ਗਾਰੰਟੀ ਫਾਰ ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ (ਗ੍ਰਾਮੀਣ) ਬਿੱਲ ਲਿਆਉਣ ਦੀ ਸਖ਼ਤ ਨਿਖੇਧੀ ਕੀਤੀ ਹੈ | ਉਨ੍ਹਾਂ ਇਸ ਨੂੰ ਮਜ਼ਦੂਰ ਵਰਗ ਨਾਲ ਵੱਡਾ ਧੋਖਾ ਅਤੇ ਗਰੀਬਾਂ ਦੇ ਚੁੱਲ੍ਹੇ ਠੰਢੇ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ | ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਮਨਰੇਗਾ ਦਾ ਨਾਂ ਹੀ ਨਹੀਂ ਬਦਲਿਆ, ਸਗੋਂ ਇਸ ਵਿਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਪੇਂਡੂ ਮਜ਼ਦੂਰਾਂ ਤੋਂ ਰੁਜ਼ਗਾਰ ਦਾ ਹੱਕ ਖੋਹਣ ਦੀ ਕੋਸ਼ਿਸ਼ ਵੀ ਕੀਤੀ ਹੈ | ਨਵੇਂ ਬਿੱਲ ਅਨੁਸਾਰ ਯੋਜਨਾ ਦਾ ਫੰਡਿੰਗ ਪੈਟਰਨ ਬਦਲ ਕੇ ਕੇਂਦਰ ਦਾ ਹਿੱਸਾ 90 ਫੀਸਦੀ ਤੋਂ ਘਟਾ ਕੇ 60 ਫੀਸਦੀ ਕਰ ਦਿੱਤਾ ਗਿਆ ਹੈ, ਜਦਕਿ ਰਾਜਾਂ ਨੂੰ 40 ਫੀਸਦੀ ਹਿੱਸਾ ਪਾਉਣਾ ਪਵੇਗਾ | ਇਸ ਨਾਲ ਰਾਜ ਸਰਕਾਰਾਂ 'ਤੇ ਵਾਧੂ ਵਿੱਤੀ ਬੋਝ ਪਵੇਗਾ ਅਤੇ ਕਈ ਰਾਜਾਂ ਵਿਚ ਯੋਜਨਾ ਦੀ ਲਾਗੂਆਤ ਵੀ ਪ੍ਰਭਾਵਿਤ ਹੋਵੇਗੀ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਲੋਕ ਵਿਰੋਧੀ ਫ਼ੈਸਲੇ ਨੂੰ ਵਾਪਸ ਲਵੇ | ਇਸ ਮੌਕੇ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਮਜ਼ਦੂਰਾਂ ਅਤੇ ਗਰੀਬਾਂ ਦੇ ਹੱਕਾਂ ਲਈ ਲੜਦੀ ਰਹੇਗੀ | ਇਸ ਮੌਕੇ ਤਲਬੀਰ ਗਿੱਲ ਨਾਲ ਸਿਕੰਦਰ ਸਿੰਘ ਖਿੱਦੋਵਾਲੀ, ਰਾਜਕੁਮਾਰ ਲੁੱਧੜ, ਪਰਮਿੰਦਰ ਸਿੰਘ ਰਮਾਣਾ ਚੱਕ, ਹਰਜੀਤ ਸਿੰਘ, ਰੇਸ਼ਮ ਸਿੰਘ ਵੇਗੇਵਾਲ, ਮਨਜਿੰਦਰ ਸਿੰਘ, ਜੋਗਾ ਸਿੰਘ, ਜਗਤਾਰ ਸਿੰਘ ਕੋਟਲਾ ਸੁਲਤਾਨ ਸਿੰਘ, ਕਿਰਪਾਲ ਸਿੰਘ, ਨਿਸ਼ਾਨ ਸਿੰਘ, ਭੁਪਿੰਦਰ ਸਿੰਘ, ਵਿਜੇ ਸਿੰਘ ਸਮੇਤ ਹੋਰ ਵੀ ਆਪ ਆਗੂ ਅਤੇ ਵਰਕਰ ਹਾਜ਼ਰ ਸਨ |
ਕੇਂਦਰ ਸਰਕਾਰ ਵਲੋਂ ਮਨਰੇਗਾ ਨੂੰ ਬਦਲਣ ਦੀ ਯੋਜਨਾ ਮਜ਼ਦੂਰ ਵਰਗ ਨਾਲ ਵੱਡਾ ਧੋਖਾ-ਤਲਬੀਰ ਗਿੱਲ
ਅਜੀਤ ਡੈਸਕ
29-12-2025