ਪਟਿਆਲਾ, 1 ਜੂਨ (ਕੁਲਵੀਰ ਸਿੰਘ ਧਾਲੀਵਾਲ)-ਉਪ ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਜਾਰੀ ਹੋਏ ਆਦੇਸ਼ਾਂ ਦੀ ਲੋਅ ਵਿਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਕਾਰਜਸ਼ੀਲ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਵਿਭਾਗ ਦੇ ਮੁਖੀ ਵਜੋਂ 2 ਜੂਨ ਨੂੰ ਆਪਣਾ ਅਹੁਦਾ ਸੰਭਾਲ ਰਹੇ ਹਨ | ਐਮ.ਏ. (ਪੰਜਾਬੀ ਅਤੇ ਧਰਮ ਅਧਿਐਨ) ਦੀਆਂ ਡਿਗਰੀਆਂ ਪ੍ਰਾਪਤ ਕਰਨ ਤੋਂ ਇਲਾਵਾ ਉਰਦੂ ਅਤੇ ਫ਼ਾਰਸੀ ਜ਼ੁਬਾਨਾਂ ਵਿਚ ਵੀ ਯੂਨੀਵਰਸਿਟੀ ਪੱਧਰ 'ਤੇ ਤਾਲੀਮ ਹਾਸਿਲ ਕਰਨ ਵਾਲੇ ਡਾ. ਪੰਜਾਬੀ ਨੇ 'ਪੰਜਾਬ ਦੇ ਵਿਆਹ ਸਮੇਂ ਦੇ ਲੋਕਗੀਤਾਂ ਵਿਚ ਭਾਵ ਸੰਚਾਰ' ਵਿਸ਼ੇ 'ਤੇ ਪੀ-ਐਚ.ਡੀ. ਦੀ ਡਿਗਰੀ ਹਾਸਿਲ ਕੀਤੀ | ਯੂਨੀਵਰਸਿਟੀ ਵਿਖੇ ਇਕ ਦਿਹਾੜੀਦਾਰ ਕਲਰਕ ਤੋਂ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕਰਨ ਵਾਲੇ ਡਾ. ਪੰਜਾਬੀ ਨੇ ਸਟੈਨੋ ਟਾਈਪਿਸਟ ਦੇ ਅਹੁਦੇ 'ਤੇ ਲੰਮਾ ਸਮਾਂ ਕਾਰਜ ਕੀਤਾ ਅਤੇ ਇਸ ਦੇ ਨਾਲ ਅਕਾਦਮਿਕ ਸਿੱਖਿਆ ਪ੍ਰਾਪਤੀ ਦਾ ਅਮਲ ਵੀ ਜਾਰੀ ਰੱਖਿਆ | ਉਪਰੰਤ ਉਨ੍ਹਾਂ ਨੇ ਪਹਿਲਾਂ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉਚਤਮ ਕੇਂਦਰ ਵਿਖੇ ਬਤੌਰ ਲੈਕਚਰਾਰ ਸੇਵਾਵਾਂ ਨਿਭਾਈਆਂ | ਸਾਲ 2011 ਵਿਚ ਉਹ ਤਤਕਾਲੀਨ ਉਪ ਕੁਲਪਤੀ ਡਾ. ਜਸਪਾਲ ਸਿੰਘ ਦੇ ਸੇਵਾ ਕਾਲ ਦੌਰਾਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਹਾਜ਼ਰ ਹੋਏ | ਜਿੱਥੇ ਉਨ੍ਹਾਂ ਦੀ ਅਗਵਾਈ ਅਧੀਨ ਹੁਣ ਤੱਕ 25 ਖੋਜਾਰਥੀ ਐਮ.ਫਿਲ ਅਤੇ ਪੀਐਚ.ਡੀ. ਦੀਆਂ ਡਿਗਰੀਆਂ ਪ੍ਰਾਪਤ ਕਰ ਚੁੱਕੇ ਹਨ | ਡਾ. ਰਾਜਵੰਤ ਕੌਰ 'ਪੰਜਾਬੀ' ਦੀ ਇਕ ਪ੍ਰਸਿੱਧ ਕਲਮਕਾਰ ਵਜੋਂ ਵੀ ਵਿਸ਼ੇਸ਼ ਪਛਾਣ ਹੈ | ਉਨ੍ਹਾਂ ਦੀਆਂ ਹੁਣ ਤੱਕ 21 ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿਚ ਮੌਲਿਕ, ਖੋਜ, ਸੰਪਾਦਨ, ਲਿਪੀਅੰਤ੍ਰਣ, ਅਨੁਵਾਦ ਅਤੇ ਬਾਲ ਸਾਹਿਤ ਆਦਿ ਸ਼ਾਮਿਲ ਹਨ | ਉਨ੍ਹਾਂ ਦੀ ਪੁਸਤਕ ਸਿਹਰਾ ਤੇ ਸਿੱਖਿਆ ਸੰਕਲਨ ਅਤੇ ਮੁਲਾਂਕਣ ਨੂੰ ਭਾਸ਼ਾ ਵਿਭਾਗ, ਪੰਜਾਬ ਵਲੋਂ ਸਾਲ 2010 ਵਿਚ ਸਰਬੋਤਮ ਪੁਸਤਕ ਪੁਰਸਕਾਰ ਪ੍ਰਾਪਤ ਹੋਇਆ ਸੀ | ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਦੇ ਜੀਵਨ-ਸਾਥਣ ਡਾ. ਪੰਜਾਬੀ ਵਰਤਮਾਨ ਸਮੇਂ ਵਿਚ ਸਾਹਿਤਯ ਅਕਾਦਮੀ ਦਿੱਲੀ ਅਤੇ ਭਾਸ਼ਾ ਵਿਭਾਗ, ਪੰਜਾਬ ਵਰਗੇ ਮਹੱਤਵਪੂਰਨ ਅਦਾਰਿਆਂ ਵਲੋਂ ਸੌਂਪੇ ਗਏ ਵੱਖ-ਵੱਖ ਖੋਜ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਹਨ |