ਫ਼ਤਹਿਗੜ੍ਹ ਸਾਹਿਬ, 1 ਜੂਨ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਿੰਡੀਕੇਟ ਹਾਲ ਵਿਚ ਰੱਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਡਾ. ਹਰਦੇਵ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵਲੋਂ ਸੰਪਾਦਿਤ ਭਗਤ ਲਛਮਣ ਸਿੰਘ ਦੀ ਰਚਨਾ 'ਦ ਸਿੱਖ ਐਂਡ ਹਿਜ਼ ਨਿਉ ਕਿ੍ਟਿਕਸ' ਸੰਗਤ ਅਰਪਣ ਕੀਤੀ ਗਈ | ਇਸ ਮੌਕੇ ਵਾਈਸ-ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਦੱਸਿਆ ਕਿ ਵੀਹਵੀਂ ਸਦੀ ਤੇ ਮੁੱਢ ਵਿਚ ਪ੍ਰਸਿੱਧ ਬੰਗਾਲੀ ਵਿਦਵਾਨ ਕਵੀ ਰਬਿੰਦਰਨਾਥ ਟੈਗੋਰ ਅਤੇ ਇਤਿਹਾਸਕਾਰ ਪ੍ਰੋਫੈਸਰ ਜਾਦੂਨਾਥ ਸਰਕਾਰ ਵਲੋਂ ਕੁਝ ਅਜਿਹੀਆਂ ਲਿਖਤਾਂ ਸਾਹਮਣੇ ਆਈਆਂ ਜਿਨ੍ਹਾਂ ਵਿਚ ਸਿੱਖੀ ਦੀ ਮੌਲਿਕਤਾ ਅਤੇ ਵਿਲੱਖਣਤਾ 'ਤੇ ਸਵਾਲ ਚੁੱਕੇ ਗਏ ਸਨ | ਸਿੰਘ ਸਭਾ ਲਹਿਰ ਦੇ ਪ੍ਰਸਿੱਧ ਵਿਦਵਾਨ ਭਗਤ ਲਛਮਣ ਸਿੰਘ ਨੇ ਲੇਖ ਲੜੀ ਦੇ ਰੂਪ ਵਿਚ ਇਨ੍ਹਾਂ ਸਵਾਲਾਂ ਦੇ ਸਟੀਕ ਜਵਾਬ ਦਿੱਤੇ ਸਨ | ਉਨ੍ਹਾਂ ਦੱਸਿਆ ਕਿ ਡਾ. ਹਰਦੇਵ ਸਿੰਘ ਵਲੋਂ ਇਨ੍ਹਾਂ ਲੇਖਾਂ ਨੂੰ ਸੰਪਾਦਿਤ ਕਰਨਾ ਇਕ ਸ਼ਲਾਘਾਯੋਗ ਕਾਰਜ ਹੈ | ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਸੰਪਾਦਕ ਅਤੇ ਸਿੱਖ ਇਤਿਹਾਸ ਪ੍ਰਕਾਸ਼ਨ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਧਰਮ ਅਧਿਐਨ ਦੇ ਨਾਲ ਨਾਲ ਭਾਸ਼ਾ, ਸਾਹਿਤ, ਇਤਿਹਾਸ ਅਤੇ ਰਾਜਨੀਤੀ-ਸ਼ਾਸਤਰ ਆਦਿ ਵਿਭਾਗਾਂ ਦੇ ਖੋਜਾਰਥੀ ਅਤੇ ਵਿਦਿਆਰਥੀ ਇਸ ਰਚਨਾ ਤੋਂ ਭਰਪੂਰ ਲਾਹਾ ਲੈਣਗੇ | ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਇਸ ਕਿਤਾਬ ਅੰਦਰ ਭਗਤ ਲਛਮਣ ਸਿੰਘ ਦੇ 9 ਅਹਿਮ ਲੇਖਾਂ ਤੋਂ ਇਲਾਵਾ ਇਨ੍ਹਾਂ ਦੀ ਪ੍ਰਸੰਗਤਾ ਅਤੇ ਮਹੱਤਵ ਨੂੰ ਦਰਸਾਉਂਦਾ ਹੋਇਆ ਮੁਖਬੰਦ ਅਤੇ ਪਾਠਕ ਦੀ ਸਹੂਲਤ ਲਈ ਰਚਨਾ ਵਿਚ ਆਏ ਨਾਵਾਂ, ਥਾਵਾਂ ਅਤੇ ਪਰਿਭਾਸ਼ਕ ਸ਼ਬਦਾਂ ਸਬੰਧੀ ਟਿੱਪਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਨੂੰਨ ਵਿਭਾਗ ਦੇ ਮੁਖੀ, ਪ੍ਰੋ. ਅਮਿਤਾ ਕੌਸ਼ਲ, ਡੀਨ ਵਿਦਿਆਰਥੀ ਭਲਾਈ, ਡਾ. ਸਿਕੰਦਰ ਸਿੰਘ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਅੰਕਦੀਪ ਕੌਰ ਅਟਵਾਲ, ਡਿਪਟੀ ਰਜਿਸਟਰਾਰ, ਜਗਜੀਤ ਸਿੰਘ ਹਾਜ਼ਰ ਸਨ |