ਸ਼ੁਤਰਾਣਾ, 3 ਜੂਨ (ਨਵਜੋਤ ਸਿੰਘ ਮਹਿਰੋਕ)-ਸ਼ੁਤਰਾਣਾ ਦੇ ਨਜ਼ਦੀਕੀ ਪੈਂਦੇ ਟੋਲ ਪਲਾਜ਼ਾ 'ਤੇ ਟੋਲ ਅਧਿਕਾਰੀਆਂ ਅਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਵਲੋਂ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ | ਟੋਲ ਮੁਲਾਜਮਾਂ ਵਲੋਂ ਸਰਕਾਰ ਨੂੰ ਟੋਲ ਕੰਪਨੀ ਵਲੋਂ ਚੂਨਾ ਲਗਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ | ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਟੋਲ ਕੰਪਨੀ ਵਲੋਂ ਟੋਲ ਪਲਾਜ਼ਾ ਦੇ ਨਾਲ ਹੀ ਇਕ ਨਾਜਾਇਜ਼ ਟੋਲ ਚਲਾ ਕੇ ਰਾਹਗੀਰਾਂ ਤੋਂ ਨਗਦ ਰਾਸ਼ੀ ਵਿਚ ਟੋਲ ਵਸੂਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਐਨ.ਐਚ.ਏ.ਆਈ. ਦੀਆਂ ਗਾਈਡ ਲਾਈਨਾਂ ਦੇ ਮੁਤਾਬਿਕ ਇਹ ਟੋਲ ਦਾ ਢਾਂਚਾ ਖੜਾ ਕੀਤਾ ਗਿਆ ਹੈ ਅਤੇ ਦੂਸਰੇ ਪਾਸੇ ਗੈਰ ਕਾਨੂੰਨੀ ਤਰੀਕੇ ਨਾਲ ਵਸੂਲੀ ਕਰਨ ਲਈ ਨਾਜਾਇਜ ਟੋਲ ਚਲਾਇਆ ਜਾ ਰਿਹਾ ਹੈ ਅਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਟੋਲ ਕੰਪਨੀ ਵਲੋਂ ਟੋਲ ਨੂੰ ਘਾਟੇ ਵਿਚ ਪਾ ਕੇ ਸਰੈਂਡਰ ਕਰਨ ਦੀ ਐਪਲੀਕੇਸ਼ਨ ਦਿੱਤੀ ਗਈ ਹੈ ਪਰ ਯੂਨੀਅਨ ਦੀ ਮੰਗ ਹੈ ਕਿ ਇਸ ਘਪਲੇਬਾਜ਼ੀ ਨੂੰ ਰੋਕਿਆ ਜਾਵੇ ਅਤੇ ਪ੍ਰਸ਼ਾਸਨ ਵਲੋਂ ਇਹ ਟੋਲ ਕੰਪਨੀ 'ਤੇ ਸਖਤ ਕਾਰਵਾਈ ਕੀਤੀ ਜਾਵੇ | ਟੋਲ ਮੁਲਾਜਮਾਂ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਉਨ੍ਹਾਂ ਵਲੋਂ ਟੋਲ ਨੂੰ ਅਣਮਿਥੇ ਸਮੇਂ ਲਈ ਫ਼ਰੀ ਕਰ ਦਿੱਤਾ ਗਿਆ ਹੈ | ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਦਰਸਨ ਸਿੰਘ ਲਾਡੀ ਸਮੇਤ ਸੂਬਾ ਮੀਤ ਪ੍ਰਧਾਨ ਰਾਜਵੰਤ ਸਿੰਘ, ਜਨਰਲ ਸਕੱਤਰ ਸੁਰਜੀਤ ਸਿੰਘ, ਅੰਮਿ੍ਤ ਸਿੰਘ, ਲਖਵੀਰ ਸਿੰਘ, ਬਲਵਿੰਦਰ ਸਿੰਘ, ਬਲਜਿੰਦਰ ਸ਼ਰਮਾ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਜਰਮਨਜੀਤ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਸੁਖਦੇਵ ਸਿੰਘ, ਇੱਕਬਾਲ ਸਿੰਘ, ਅਰਸਦੀਪ ਸਿੰਘ, ਪਰਮਜੀਤ ਸਿੰਘ, ਅੰਮਿ੍ਤ ਸਿੱਧੂ, ਗੁਰਦਿੱਤ ਸਿੰਘ, ਅਸਵਨੀ ਕੁਮਾਰ, ਲਖਵਿੰਦਰ ਸਿੰਘ, ਨਵਦੀਪ ਸਰਮਾ, ਜਗਤਾਰ ਸਿੰਘ, ਕਰਮਵੀਰ ਸਿੰਘ, ਕੁਲਵੀਰ ਸਿੰਘ ਆਦਿ ਮੌਜੂਦ ਸਨ |