ਰਾਜਪੁਰਾ, 3 ਜੂਨ (ਰਣਜੀਤ ਸਿੰਘ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੇ ਜੇ.ਈ.ਈ. ਅਤੇ ਐਨ.ਡੀ.ਏ. ਦੀਆਂ ਪ੍ਰੀਖਿਆਵਾਂ ਵਿਚ ਆਪਣਾ ਨਾਮ ਦਰਜ ਕਰਵਾ ਕੇ ਸੂਬੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਆਪਣੀ ਕਾਬਲੀਅਤ ਦਾ ਡੰਕਾ ਵਜਾਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ੍ਰੀਮਤੀ ਨੀਨਾ ਮਿੱਤਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਇਆਕਲਪ ਕੀਤੀ ਗਈ ਹੈ ਅਤੇ ਸਰਕਾਰੀ ਸਕੂਲਾਂ ਵਿਚ ਗੁਣਵੱਤਾ ਭਰਪੂਰ ਸਿਖਿਆ ਦਿਤੀ ਜਾ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਜੇ.ਈ.ਈ. ਐਡਵਾਂਸਡ ਦੀ ਪ੍ਰੀਖਿਆ ਵਿਚ 32 ਸਕੂਲਾਂ ਦੇ ਬੱਚਿਆਂ ਨੇ ਕਾਮਯਾਬੀ ਹਾਸਲ ਕਰਕੇ ਆਪਣਾ ਨਾਮ ਚਮਕਾਇਆ ਹੈ | ਇਹ ਵਿਦਿਆਰਥੀ ਹੁਣ ਵੱਡੇ-ਵੱਡੇ ਕਾਲਜਾਂ ਵਿਚ ਦਾਖਲਾ ਲੈਣਗੇ | ਉਨ੍ਹਾਂ ਨੇ ਦੱਸਿਆ ਕਿ ਜੇ.ਈ.ਈ. ਮੇਨ ਦੀ ਪ੍ਰੀਖਿਆ ਵਿਚ 260 ਵਿਦਿਆਰਥੀਆਂ ਨੇ ਕਾਮਯਾਬੀ ਹਾਸਲ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਇਹ ਨਤੀਜੇ ਸਰਕਾਰੀ ਸਕੂਲਾਂ ਦੇ ਬਦਲ ਰਹੇ ਮਿਆਰ 'ਤੇ ਮੋਹਰ ਲਾਉਂਦੇ ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਮੁਫ਼ਤ ਕੋਚਿੰਗ, ਲਾਇਬਰੇਰੀਆਂ ਅਤੇ ਡਿਜ਼ੀਟਲ ਸਾਧਨਾਂ ਰਾਹੀਂ ਮਾਹਿਰ ਅਧਿਆਪਕਾਂ ਦੀ ਸਹਾਇਤਾ ਨਾਲ ਆਧੁਨਿਕ ਤਰੀਕਿਆਂ ਨਾਲ ਤਿਆਰੀ ਕਰਵਾਈ ਹੈ | ਉਨ੍ਹਾਂ ਨੇ ਕਿਹਾ ਕਿ ਇਹ ਦਰਵਾਜ਼ੇ ਵਿਦਿਆਰਥੀਆਂ ਲਈ ਨਵੇਂ ਦਰਵਾਜ਼ੇ ਖੋਲ੍ਹ ਰਹੇ ਹਨ | ਵਿਧਾਇਕਾਂ ਨੀਨਾ ਮਿੱਤਲ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦਾ ਸਿਰਫ਼ ਤੇ ਸਿਰਫ਼ ਮਕਸਦ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਉੱਚ ਗੁਣਵੱਤਾ ਵਾਲੀ ਸਿਖਿਆ ਦੇਣਾ ਹੈ ਅਤੇ ਸਰਕਾਰ ਇਸ ਪਾਸੇ ਵੱਲ ਹਰ ਕਦਮ ਚੁੱਕ ਰਹੀ ਹੈ |