ਨਾਭਾ, 4 ਜੂਨ (ਜਗਨਾਰ ਸਿੰਘ ਦੁਲੱਦੀ)-ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਸਾਬਕਾ ਰਾਜ ਸਭਾ ਮੈਂਬਰ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ | ਸਵ. ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਨਾਲ ਸੰਗਰੂਰ ਵਿਖੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ ਨਾਲ ਮਿਲ ਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਦੁੱਖ ਸਾਂਝਾ ਕੀਤਾ ਗਿਆ | ਉਪਰੰਤ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਪੰਜਾਬ ਦੇ ਸੀਨੀਅਰ ਸਿਆਸੀ ਆਗੂ ਸਨ ਅਤੇ ਉਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਵਿਚ ਵੱਡਾ ਕੱਦ ਸੀ ਜਿਸ ਕਰਕੇ ਮੈਂ ਇਸ ਦੁੱਖ ਦੀ ਘੜੀ ਵਿਚ ਢੀਂਡਸਾ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਾ ਹਾਂ | ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਚਾਰ ਵਾਰੀ ਮੈਂਬਰ ਪਾਰਲੀਮੈਂਟ, ਚਾਰ ਵਾਰੀ ਵਿਧਾਇਕ, ਇਕ ਵਾਰ ਕੇਂਦਰੀ ਮੰਤਰੀ ਰਹੇ ਅਤੇ ਪੰਜਾਬ ਵਜ਼ਾਰਤ ਵਿਚ ਕਈ ਵਾਰੀ ਮੰਤਰੀ ਰਹੇ ਸਨ |