ਸਮਾਣਾ, 4 ਜੂਨ (ਗੁਰਦੀਪ ਸ਼ਰਮਾ)-ਸਰਬੱਤ ਦਾ ਭਲਾ ਸਮਾਜ ਸੇਵੀ ਸੰਸਥਾ ਵਲੋਂ ਵਿਚਾਰ ਯੋਗ ਵਿਸ਼ਿਆਂ 'ਵਾਤਾਵਰਨ ਅਤੇ ਰੁੱਖ', 'ਖੇਤੀ ਦਿਸ਼ਾ ਅਤੇ ਦਸ਼ਾ' ਤੇ ਦੁਨੀਆਂ ਦੇ ਬਦਲਦੇ ਹਾਲਾਤਾਂ 'ਚ ਭਾਰਤ ਅਤੇ ਪੰਜਾਬ ਦੇ ਭਵਿੱਖ ਬਾਰੇ ਮਾਤਾ ਨੈਣਾਂ ਆਰੀਆ ਧਰਮਸ਼ਾਲਾ 'ਚ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ 40 ਪਿੰਡਾਂ ਦੇ ਲੋਕਾਂ ਨੇ ਹਿੱਸਾ ਲੈ ਕੇ ਮਾਹਿਰਾਂ ਦੇ ਵਿਚਾਰ ਸੁਣੇ | ਇਸ ਮੌਕੇ ਸਰਬੱਤ ਦਾ ਭਲਾ ਸੰਸਥਾ ਪ੍ਰਧਾਨ ਅਤੇ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਡਾ. ਇੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਖੇਤੀ ਸੈਕਟਰ ਦੀਆਂ ਅਣਦੇਖੀ ਵਰਗੀਆਂ ਵੱਡੀਆਂ ਅਲਾਮਤਾਂ ਪੈਦਾ ਅਤੇ ਰੁੱਖਾਂ ਦੀ ਅਣਹੋਂਦ ਵੱਡੀ ਪੱਧਰ 'ਤੇ ਘਾਤਕ ਸਿੱਧ ਹੋ ਰਹੀ ਹੈ | ਜਿਸ ਦਾ ਮੁੱਖ ਕਾਰਨ ਹੈ ਕਿ ਸਰਕਾਰਾਂ ਆਪਣੀ ਮੁਢਲੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ | ਆਪਾਂ ਸਾਰਿਆ ਨੂੰ ਹੰਬਲਾ ਮਾਰ ਕੇ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਖ਼ਰਾਬ ਹੋਣ ਤੋਂ ਬਚਾਉਣਾ ਚਾਹੀਦਾ ਹੈ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉੱਘੇ ਸਮਾਜ ਚਿੰਤਕ ਅਤੇ ਅਰਥ ਸ਼ਾਸਤਰੀ ਪ੍ਰੋ. ਮਨਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਲੋੜ ਹੈ ਕਿ ਭਾਰਤ ਦੇਸ਼ ਆਪਣੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸੰਬੰਧ ਬਣਾਏ | ਉਨ੍ਹਾਂ ਜਮਹੂਰੀਅਤ ਨੂੰ ਬਚਾਉਣ ਲਈ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਨਾਲ ਹੀ ਰਾਜਾ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਵੀ ਕੀਤੀ | ਡਾ. ਰਾਜਿੰਦਰਪਾਲ ਔਲਖ ਖੇਤੀ ਚਿੰਤਕ ਅਤੇ ਡਾ. ਰਜਨੀਸ਼ ਕੁਮਾਰ ਵਾਤਾਵਰਨ ਚਿੰਤਕ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵੱਧ ਰਹੀ ਆਬਾਦੀ ਦੀਆਂ ਖਾਦੀ ਲੋੜਾਂ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਵਾਸਤੇ ਸਮੇਂ ਦੀਆਂ ਸਰਕਾਰਾਂ ਵਲੋਂ ਲੰਮੇ ਸਮੇਂ ਦੀ ਵਿਊਾਤਬੰਦੀ ਦੀ ਲੋੜ ਹੈ ਤਾਂ ਕਿ ਕੁਦਰਤੀ ਆਫ਼ਤਾਂ, ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁੱਧ ਲੜਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀਆਂ 'ਚ ਵਿਦੇਸ਼ ਜਾਣ ਦਾ ਏਨਾ ਰੁਝਾਨ ਵੱਧ ਗਿਆ ਹੈ ਕਿ ਪਤਾ ਹੀ ਨਹੀਂ ਲੱਗ ਰਿਹਾ ਕਿ ਦੁਨੀਆਂ ਕਿੱਧਰ ਨੂੰ ਜਾ ਰਹੀ ਹੈ | ਪਹਿਲਾ ਤਬਦੀਲੀਆਂ ਲੰਮੇ ਸਮੇਂ ਬਾਅਦ ਹੁੰਦੀਆਂ ਸਨ ਪਰ ਹੁਣ ਥੋੜੇ ਸਮੇਂ ਬਾਅਦ ਹਾਲਾਤ ਬਦਲ ਜਾਂਦੇ ਹਨ | ਇਸ ਸੈਮੀਨਾਰ 'ਚ ਦਿਲਬਰ ਖਾਨ ਪ੍ਰਧਾਨ ਮਜਲਿਸ ਅਹਰਾਰ (ਇਸਲਾਮ), ਉਦਯੋਗਪਤੀ ਗਿਆਨ ਚੰਦ ਕਟਾਰੀਆ, ਪਵਨ ਸ਼ਾਸਤਰੀ, ਅੰਗਰੇਜ਼ ਸਿੰਘ ਰਤਨਹੇੜੀ, ਲਖਵਿੰਦਰ ਸਿੰਘ ਸੰਧੂ, ਰਮਨਦੀਪ ਸਿੰਘ ਸਿੱਧੂ, ਸਰਪੰਚ ਗੁਰਨਾਮ ਸਿੰਘ ਗਿੱਲ, ਦਲਜੀਤ ਸਿੰਘ ਚੱਕ ਅੰਮਿ੍ਤਸਰੀਆਂ, ਬਿ੍ਸ਼ਭਾਨ ਕਾਂਸਲ, ਧਰਮਪਾਲ ਗਰਗ, ਦਰਸ਼ਨ ਸਿੰਘ ਕਾਦਰਾਬਾਦ, ਬਲਬੀਰ ਸਿੰਘ ਤੱਤਲਾ, ਲਖਵੀਰ ਸਿੰਘ ਅਸਰਪੁਰ, ਜਸਵੰਤ ਸਿੰਘ ਸੱਗੂ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸੰਸਥਾਵਾਂ ਦੇ ਆਗੂ ਹਾਜ਼ਰ ਸਨ |