ਭਾਦਸੋਂ, 4 ਮਈ (ਗੁਰਬਖ਼ਸ਼ ਸਿੰਘ ਵੜੈਚ)-ਸਿੱਖ ਪੰਥ ਦੀ ਸਤਿਕਾਰਯੋਗ ਸੰਸਥਾ ਦਮਦਮੀ ਟਕਸਾਲ ਦੀਆਂ ਭਾਵਨਾਵਾਂ ਦਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਤਿਕਾਰ ਕਰਨਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼ੋ੍ਰਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਤੇ ਰੌੜੀਸਰ ਟਰੱਸਟ ਚਹਿਲ ਦੇ ਪ੍ਰਧਾਨ ਰਣਧੀਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਵੀ ਇਹ ਗੱਲ ਮਹਿਸੂਸ ਕਰਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਮੇਂ ਸਿੱਖ ਸੰਗਤ ਦੀਆਂ ਭਾਵਨਾ ਤੇ ਸਿੱਖ ਸਿਧਾਂਤਾਂ ਨੂੰ ਦਰਕਿਨਾਰ ਕੀਤਾ ਗਿਆ ਹੈ | ਇਸ ਕਰਕੇ ਸਿੱਖ ਪੰਥ ਨੂੰ ਇਹ ਨਿਯੁਕਤੀ ਪ੍ਰਵਾਨ ਨਹੀਂ | ਉਨ੍ਹਾਂ ਕਿਹਾ ਕਿ 20ਵੀ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਵੱਲੋਂ ਦਿੱਤਾ ਗਿਆ ਬਿਆਨ ਕਿ ਉਹ ਭਾਈ ਗੜਗੱਜ ਕੋਲੋਂ 6 ਜਨ ਨੂੰ ਸਿਰਪਾਓ ਨਹੀਂ ਲੈਣਗੇ ਸਾਫ਼ ਕਰਦਾ ਹੈ ਕਿ ਇਹ ਨਿਯੁਕਤੀ ਸਿੱਖ ਸੰਗਤ ਨੂੰ ਪ੍ਰਵਾਨ ਨਹੀ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 6 ਜੂਨ ਦੇ ਕੌਮੀ ਸ਼ਹੀਦੀ ਦਿਹਾੜੇ ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਅਤੇ ਸਿੱਖ ਪੰਥ ਨੂੰ ਇਕੱਠਾ ਰੱਖਣ ਚ ਬਣਦੀ ਜ਼ਿੰਮੇਵਾਰੀ ਨਿਭਾਵੇ | ਉਨ੍ਹਾਂ ਕਿਹਾ ਕਿ ਸਮੁੱਚੇ ਸਿੱਖ ਜਗਤ ਦੀ ਸਤਿਕਾਰਤ ਜਥੇਬੰਦੀ ਦਮਦਮੀ ਟਕਸਾਲ ਨੂੰ ਸ਼ਰਾਰਤੀ ਅਨਸਰ ਗਲਤ ਢੰਗ ਤਰੀਕੇ ਵਰਤ ਕੇ ਨੀਵਾਂ ਦਿਖਾਉਣ ਦੇ ਜੋ ਯਤਨ ਕਰੇ ਰਹੇ ਹਨ ਉਨ੍ਹਾਂ ਨੂੰ ਸਿੱਖ ਸੰਗਤ ਕਦੇ ਵੀ ਸਵੀਕਾਰ ਨਹੀਂ ਕਰੇਗੀ | ਉਨ੍ਹਾਂ ਸੰਗਤ ਨੂੰ ਅਪੀਲ ਕਿ ਉਹ 6 ਜੂਨ ਨੂੰ ਮਹਿਤਾ ਚੌਕ ਦਮਦਮੀ ਟਕਸਾਲ ਵਿਖੇ ਵਧ ਚੜ ਕੇ ਸ਼ਮੂਲੀਅਤ ਕਰੇ | ਇਸ ਮੌਕੇ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ, ਮਹਿੰਦਰ ਸਿੰਘ ਝੰਬਾਲੀ, ਜੋਗਿੰਦਰ ਸਿੰਘ ਲੋਟ, ਬਲਵਿੰਦਰ ਸਿੰਘ ਦਿੱਤੂਪੁਰ, ਹਰਮੇਲ ਸਿੰਘ ਗੋਬਿੰਦਪੁਰਾ, ਮਹਿੰਗਾ ਸਿੰਘ ਭੜੀ. ਮਨਜੀਤ ਸਿੰਘ ਮੱਲੇਵਾਲ, ਪਿਆਰਾ ਸਿੰਘ ਮੋਹਲਗੁਆਰਾ, ਬਲਦੇਵ ਸਿੰਘ ਗੁਰਦਿੱਤਪੁਰਾ ਤੇ ਅਮਰਜੀਤ ਸਿੰਘ ਫਰੀਦਪੁਰ ਵੀ ਹਾਜਰ ਸਨ |