ਦੇਵੀਗੜ੍ਹ, 3 ਸਤੰਬਰ (ਰਾਜਿੰਦਰ ਸਿੰਘ ਮੌਜੀ)-ਘੱਗਰ ਦਰਿਆ 'ਚ ਅਚਾਨਕ ਵਧੇ ਪਾਣੀ ਦੇ ਵਹਾਅ ਨੇ ਦੇਵੀਗੜ੍ਹ ਇਲਾਕੇ ਦੇ ਕਈ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ ਹੈ | ਇਸ ਨਾਲ ਪਿੰਡ ਮਹਿਮੂਦਪੁਰ, ਜੁਲਾਹ ਖੇੜੀ, ਸਾਧੂ ਨਗਰ ਅਤੇ ਉਲਟ ਪੁਰ ਦੇ ਤਕਰੀਬਨ 500 ਏਕੜ ਖੇਤਾਂ ਵਿਚ ਪਾਣੀ ਦਾਖਲ ਹੋ ਗਿਆ | ਜਿਸ ਕਾਰਨ ਫ਼ਸਲਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਿਆ ਹੈ | ਪਾਣੀ ਦਾ ਤੇਜ਼ ਵਹਾਅ ਹਰਿਆਣਾ ਦੇ ਪਿੰਡ ਪਪਰਾਲਾ ਤੱਕ ਪਹੁੰਚ ਗਿਆ, ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਪਿੰਡ ਮਹਿਮੂਦਪੁਰ ਦੇ ਵਸਨੀਕ ਚੇਅਰਮੈਨ ਪਰਮਜੀਤ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਸ਼ ਅਤੇ ਉਪਰਲੇ ਇਲਾਕਿਆਂ ਤੋਂ ਆਏ ਪਾਣੀ ਕਾਰਨ ਘੱਗਰ ਦਰਿਆ ਦਾ ਜਲ ਪੱਧਰ ਅਚਾਨਕ ਵਧ ਗਿਆ ਅਤੇ ਉਨ੍ਹਾਂ ਦੇ ਪਿੰਡ ਤੋਂ ਪਾਣੀ ਘੱਗਰ ਵਿਚੋਂ ਬਾਹਰ ਆ ਗਿਆ | ਉਨ੍ਹਾਂ ਦੱਸਿਆ ਕਿ ਪਿੰਡ ਜੁਲਾਹ ਖੇੜੀ ਅਤੇ ਸਾਧੂ ਨਗਰ ਦੇ ਘਰਾਂ ਦੇ ਨੇੜੇ ਵੀ ਪਹੁੰਚ ਗਿਆ ਹੈ | ਪਰਮਜੀਤ ਸਿੰਘ ਮਹਿਮੂਦਪੁਰ ਨੇ ਦੱਸਿਆ ਕਿ ਹੜ ਦਾ ਪਾਣੀ ਹਰਿਆਣਾ ਦੇ ਪਿੰਡ ਪਪਰਾਲਾ ਵਿਚ ਵੀ ਪਹੁੰਚ ਗਿਆ ਜਿਸ ਨਾਲ ਝੋਨੇ ਦੀ ਫ਼ਸਲ ਦਾ ਕਾਫੀ ਨੁਕਸਾਨ ਹੋ ਗਿਆ | ਇਸ ਮੌਕੇ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਗਏ ਅਕਾਲੀ ਦਲ ਦੇ ਬੁਲਾਰੇ ਕਿ੍ਸ਼ਨ ਸਿੰਘ ਸਨੌਰ ਨੇ ਵੀ ਪੀੜਤ ਕਿਸਾਨਾਂ ਦਾ ਹਾਲ ਜਾਣਿਆ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਅਤੇ ਰਾਹਤ ਪੈਕੇਜ ਦਿੱਤਾ ਜਾਵੇ |