ਘਨੌਰ, 3 ਸਤੰਬਰ (ਸਰਦਾਰਾ ਸਿੰਘ ਲਾਛੜੂ)-ਘਨੌਰ ਹਲਕੇ ਦੇ ਪਿੰਡਾਂ ਵਿਚੋਂ ਲੰਘਣ ਵਾਲੇ ਘੱਗਰ ਦਰਿਆ ਵਿਚ ਵੱਧ ਰਹੇ ਪਾਣੀ ਦੇ ਪੱਧਰ ਨੇ ਲੋਕਾਂ ਦੇ ਸਾਹ ਸੂਤੇ ਹੋਏ ਹਨ ਅਤੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਹਲਕਾ ਘਨੌਰ ਦੇ ਪਿੰਡ ਸੰਜਰਪੁਰ, ਤੇਪਲਾ, ਰਾਜਗੜ੍ਹ, ਮਹਿਮਦਪੁਰ, ਦੜਵਾ, ਕਪੂਰੀ, ਚਮਾਰੂ, ਲਾਛੜੂ ਖ਼ੁਰਦ, ਸਰਾਲਾ ਕਲਾਂ, ਸਰਾਲਾ ਖ਼ੁਰਦ, ਕਮਾਲਪੁਰ, ਰਾਮਪੁਰ ਆਦਿ ਪਿੰਡਾਂ ਦੇ ਖੇਤਾਂ ਵਿਚ ਅਤੇ ਘਰਾਂ ਵਿਚ ਪਾਣੀ ਵੜ ਗਿਆ ਹੈ | ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਹਰ ਪਲ ਵਧ ਰਿਹਾ ਹੈ ਅਤੇ ਕਿਸੇ ਵੀ ਸਮੇਂ ਘੱਗਰ ਟੁੱਟ ਸਕਦਾ ਹੈ | ਘਨੌਰ ਹਲਕੇ ਦੇ ਪਿੰਡਾਂ ਵਿਚ ਵੀ ਸਰਹੱਦੀ ਜ਼ਿਲਿ੍ਹਆਂ ਵਾਲੇ ਹੜ੍ਹਾਂ ਦੇ ਹਾਲਾਤ ਬਣਨ ਦੀ ਸੰਭਾਵਨਾ ਨਜ਼ਰ ਆ ਰਹੀ ਹੈ | ਪ੍ਰਸ਼ਾਸਨ ਵਲੋਂ ਘਨੌਰ ਦੇ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਅੱਠ ਰਾਹਤ ਕੈਂਪ ਬਣਾਏ ਗਏ ਹਨ | ਪ੍ਰਸ਼ਾਸਨ ਵਲੋਂ ਉਕਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਰਾਹਤ ਕੈਂਪਾਂ ਵਿਚ ਪਨਾਹ ਲੈ ਲੈਣ ਤਾਂ ਜੋ ਪਾਣੀ ਦਾ ਪੱਧਰ ਵਧਣ ਕਰਨ ਹੋਣ ਵਾਲੇ ਕਿਸੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ | ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰ ਛੱਡ ਕੇ ਰਾਹਤ ਕੈਂਪਾਂ ਵਿਚ ਪਹੁੰਚਣ ਲਈ ਕੀਤੀਆਂ ਜਾ ਰਹੀਆਂ ਅਪੀਲਾਂ ਦਾ ਲੋਕਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ | ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਬਾਰ ਛੱਡ ਕੇ ਆਪਣਾ ਮਾਲ ਡੰਗਰ, ਮਾਲ ਅਸਬਾਬ, ਟਰੈਕਟਰ ਟਰਾਲੀਆਂ, ਕਾਰਾਂ ਅਤੇ ਲੱਖਾਂ ਦਾ ਸਾਮਾਨ ਛੱਡ ਕੇ ਕਿਵੇਂ ਜਾ ਸਕਦੇ ਹਨ | ਜਦੋਂ ਇਸ ਸੰਬੰਧੀ ਰਾਜਪੁਰਾ ਦੇ ਐਸ.ਡੀ.ਐਮ. ਅਵਿਕੇਸ਼ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਘਨੌਰ ਵਿਚ ਹੀ ਘੱਗਰ ਦੇ ਨੇੜੇ ਆਪਣੇ ਅਧਿਕਾਰੀਆਂ ਸਮੇਤ ਬੈਠੇ ਹੋਏ ਹਨ ਅਤੇ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀ ਬੇਨਤੀ ਤੇ ਕੌਮੀ ਆਫ਼ਤ ਪ੍ਰਬੰਧਨ ਦੀ ਇਕ ਟੀਮ ਅਤੇ ਭਾਰਤੀ ਫ਼ੌਜ ਦੀ ਟੁਕੜੀ ਵੀ ਆ ਗਈ ਹੈ ਜੋ ਆਪਣੀਆਂ ਕਿਸ਼ਤੀਆਂ ਵੀ ਨਾਲ ਲੈ ਕੇ ਆਏ ਹਨ | ਇਸੇ ਪ੍ਰਕਾਰ ਪ੍ਰਸ਼ਾਸਨ ਵਲੋਂ ਵੀ ਆਪਣੀਆਂ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਹੜ੍ਹਾਂ ਵਿਚ ਘਿਰੇ ਲੋਕਾਂ ਕੋਲ ਰਾਹਤ ਪਹੁੰਚਾਈ ਜਾ ਸਕੇ | ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਪੀ.ਆਰ.ਟੀ.ਸੀ. ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਡਰੇਨੇਜ਼ ਦੇ ਐਸ.ਈ. ਰਜਿੰਦਰ ਘਈ, ਡੀ.ਐਸ.ਪੀ. ਹਰਮਨਪ੍ਰੀਤ ਸਿੰਘ ਚੀਮਾ ਐਸ.ਐਚ.ਓ. ਘਨੌਰ ਸਾਹਿਬ ਸਿੰਘ ਵਿਰਕ ਵੀ ਮੌਜੂਦ ਸਨ |