ਦੇਵੀਗੜ, 3 ਸਤੰਬਰ (ਰਾਜਿੰਦਰ ਸਿੰਘ ਮੌਜੀ)-ਪੰਜਾਬ ਵਿਚ ਹੜ੍ਹਾਂ ਨੇ ਕਿਸਾਨਾਂ ਅਤੇ ਆਮ ਲੋਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ, ਪਰ ਸੂਬਾ ਸਰਕਾਰ ਨੇ ਇਸ ਸੰਕਟ ਨਾਲ ਨਜਿੱਠਣ ਲਈ ਕੋਈ ਠੋਸ ਕਦਮ ਨਹੀਂ ਉਠਾਏ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਚੌਧਰੀ ਨਿਰਮਲ ਭੱਟੀਆਂ ਨੇ ਘੱਗਰ ਦਰਿਆ ਅਤੇ ਟਾਂਗਰੀ ਨਦੀ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਨੇ ਸਰਕਾਰ ਨੂੰ ਹਰ ਮੋਰਚੇ 'ਤੇ ਨਾਕਾਮ ਕਰਾਰ ਦਿੰਦੇ ਹੋਏ ਕਿਸਾਨਾਂ ਦੀ ਮਦਦ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਅੱਗੇ ਆਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਜਿਸ ਨਾਲ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ | ਉਨ੍ਹਾਂ ਨੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਮੇਂ ਸਿਰ ਤਿਆਰੀ ਕੀਤੀ ਹੁੰਦੀ ਤਾਂ ਇਸ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ | ਕਾਂਗਰਸ ਆਗੂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਾਡਾ ਸਭ ਦਾ ਮੁੱਢਲਾ ਫਰਜ਼ ਹੈ ਕਿ ਅਸੀਂ ਇਸ ਸੰਕਟ ਵਿਚ ਕਿਸਾਨਾਂ ਦਾ ਸਾਥ ਦੇਈਏ | ਇਸ ਮੌਕੇ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਜੇਕਰ ਡੈਮਾਂ ਦਾ ਪਾਣੀ ਪਹਿਲਾਂ ਹੀ ਥੋੜ੍ਹਾ ਥੋੜ੍ਹਾ ਛੱਡਿਆ ਜਾਂਦਾ ਤਾਂ ਅੱਜ ਪੰਜਾਬ ਡੁੱਬਣ ਤੋਂ ਬਚ ਸਕਦਾ ਸੀ | ਉਹਨਾਂ ਕਿਹਾ ਕਿ 2027 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਲੋਕਾਂ ਨੇ ਆਪਣੇ ਪਿੰਡਾ ਚ ਨਹੀਂ ਵੜਨ ਦੇਣਾ | ਇਸ ਮੌਕੇ ਕ੍ਰਾਂਤੀਕਾਰੀ ਯੁਨੀਅਨ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਪਿੰਡ ਮਹਿਮੂਦਪੁਰ ਨੇੜੇ ਘੱਗਰ ਦਰਿਆ ਵਿਚ ਕਿਸੇ ਸਮੇਂ ਵੀ ਪਾੜ ਪੈ ਸਕਦਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਲੇਕਿਨ ਅਜੇ ਤੱਕ ਪ੍ਰਸ਼ਾਸਨ ਵਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸਗੋਂ ਪਿੰਡ ਦੇ ਨੌਜਵਾਨਾਂ ਵੱਲੋਂ ਮਿੱਟੀ ਦੇ ਥੈਲਿਆਂ ਨਾਲ ਪਾੜ ਵਾਲੀ ਨੂੰ ਪੂਰਿਆ ਜਾ ਰਿਹਾ ਹੈ | ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਮਹਿਮੂਦਪੁਰ, ਗੁਰਪ੍ਰੀਤ ਸਿੰਘ ਸਰਪੰਚ, ਸਤਨਾਮ ਸਿੰਘ ਨੰਬਰਦਾਰ, ਸੁਖਚੈਨ ਸਿੰਘ, ਨੈਬ ਸਿੰਘ ਦੁੜਦ, ਹਲਦੀ ਰਾਮ, ਕਾਹਨ ਸਿੰਘ ਮੰਜਾਲ, ਤਰਸੇਮ ਕੁਮਾਰ ਸ਼ਰਮਾ, ਮੱਖਣ ਸਿੰਘ, ਗੁਰਮੀਤ ਸਿੰਘ, ਹਰਬੰਸ ਸਿੰਘ, ਪੱਪੀ ਸਰਪੰਚ ਅਤੇ ਦਰਸ਼ਨ ਸਿੰਘ ਹਡਾਣਾ ਸਮੇਤ ਹੋਰ ਆਗੂ ਅਤੇ ਕਿਸਾਨ ਮੌਜੂਦ ਸਨ |