ਹਲਕਾ ਸਨੌਰ 'ਚ ਬਦਲੇ ਸਿਆਸੀ ਸਮੀਕਰਨਾਂ ਨੇ ਪੁਰਾਣੇ ਹਾਲਾਤ ਯਾਦ ਕਰਵਾਏ
ਅਜੀਤ ਡੈਸਕ
04-09-2025
ਆਪਣੀ ਪਾਰਟੀ 'ਤੇ ਸਵਾਲ ਖੜ੍ਹੇ ਕਰਨ ਉਪਰੰਤ ਹਰਮੀਤ ਸਿੰਘ ਪਠਾਣਮਾਜਰਾ ਦੀ ਪਾਰਟੀ ਨਾਲੋ ਟੁੱਟੀ ਰਿਸ਼ਤੇ ਦੀ ਤੰਦ ਤੋਂ ਬਾਅਦ ਹਲਕਾ ਸਨੌਰ ਵਿਚ ਸਿਆਸੀ ਹਲਚਲ ਜੋਰ ਫੜ੍ਹਦੀ ਜਾ ਰਹੀ ਹੈ | ਇਸ ਹਲਕੇ ਵਿਚ ਇੰਚਾਰਜ ਦੀ ਕਮਾਂਡ ਸੰਭਾਲਣ ਲਈ ਕਈ ਨਾਵਾਂ ਦੀ ਜਿੱਥੇ ਚਰਚਾ ਹੈ ਉੱਥੇ ਕਈ ਆਗੂ ਵੀ ਆਪਣੇ ਪੱਧਰ 'ਤੇ ਇਸ ਹਲਕੇ ਦੀ ਕਮਾਂਡ ਆਪਣੇ ਹੱਥਾਂ ਵਿਚ ਲੈਣ ਲਈ ਅੰਦਰਖਾਤੇ ਹੱਥ ਪੈਰ ਮਾਰਨ ਲੱਗੇ ਹਨ | ਇਸ ਚਰਚਾ ਵਿਚ ਸਭ ਤੋਂ ਮੋਹਰੀ ਤੌਰ 'ਤੇ ਦੋ ਨਾਵਾਂ ਦੀ ਚਰਚਾ ਹੈ | ਇਸ ਵਿਚ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਅਤੇ ਚੇਅਰਮੈਨ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਲਿਮਟਿਡ ਬਲਜਿੰਦਰ ਸਿੰਘ ਢਿੱਲੋਂ ਜੋ ਸਾਊ ਅਤੇ ਇਮਾਨਦਾਰ ਸ਼ਖ਼ਸੀਅਤ ਦੇ ਮਾਲਕ ਹਨ | ਇਨ੍ਹਾਂ ਨੂੰ ਹਲਕੇ ਦੀ ਅਗਵਾਈ ਮਿਲਣ ਦੀ ਕਾਫੀ ਚਰਚਾ ਹੈ | ਇਸ ਤਰ੍ਹਾਂ ਦੂਜੇ ਆਗੂ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਨਾਂ ਵੀ ਇਸ ਅਗਵਾਈ ਨੂੰ ਲੈ ਕੇ ਮੁਹਰਲੀ ਕਤਾਰ ਵਿਚ ਬੋਲ ਰਿਹਾ ਹੈ | ਸਨੌਰ ਹਲਕੇ ਦੇ ਵਾਸੀ ਰਣਜੋਧ ਸਿੰਘ ਹਡਾਣਾ ਦੀ ਸ਼ਖ਼ਸੀਅਤ ਵੀ ਸਾਫ਼ ਸੁਥਰੀ ਅਤੇ ਨਿਮਰ ਸੁਭਾਅ ਦੀ ਮੰਨੀ ਜਾਂਦੀ ਹੈ | ਇਸ ਕਰਕੇ ਇਸ ਕਮਾਂਡ ਲਈ ਉਨ੍ਹਾਂ ਦੇ ਨਾਂ ਦੀਆਂ ਕਿਆਸ-ਆਰਾਈਆਂ ਲਗਾਈਆਂ ਜਾ ਰਹੀਆਂ ਹਨ | ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਵੀ ਲੰਮੇ ਸਮੇਂ ਤੋਂ ਇਸ ਅਗਵਾਈ ਲਈ ਚਰਚਾ ਵਿਚ ਹਨ |