ਬਨੂੜ, 3 ਸਤੰਬਰ (ਭੁਪਿੰਦਰ ਸਿੰਘ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਪਿੰਡ ਕਲੋਲੀ ਦੇ ਦੋ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗ ਦਾ ਸਮਾਚਾਰ ਹੈ | ਆਪਣੇ ਡਿੱਗੇ ਹੋਏ ਕੱਚੇ ਮਕਾਨ ਦੀ ਛੱਤ ਨੂੰ ਦਿਖਾਉਂਦੇ ਹੋਏ ਰਿੰਕੂ ਰਾਮ ਪੁੱਤਰ ਹਰਕੇਸ਼ ਚੰਦ ਨੇ ਦੱਸਿਆ ਕਿ ਉਸ ਕੋਲ ਕੱਚਾ ਮਕਾਨ ਹੈ | ਬੀਤੇ ਦਿਨੀਂ ਭਾਰੀ ਬਰਸਾਤ ਕਾਰਨ ਇੱਕ ਮਕਾਨ ਦੀ ਬਾਲਿਆਂ ਵਾਲੀ ਛੱਤ ਡਿੱਗ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਕਮਰੇ ਵਿਚ ਲੱਗਿਆ ਹੋਇਆ ਛੱਤ ਵਾਲਾ ਪੱਖਾ, ਭਾਂਡੇ, ਮੰਜਾ ਅਤੇ ਹੋਰ ਘਰੇਲੂ ਸਮਾਨ ਦਾ ਨੁਕਸਾਨ ਹੋ ਗਿਆ | ਇਸੇ ਤਰ੍ਹਾਂ ਹੀ ਇਸ ਬਰਸਾਤ ਕਾਰਨ ਸੁਨੀਤਾ ਬਾਈ ਪਤਨੀ ਅਸ਼ੋਕ ਕੁਮਾਰ ਦੇ ਇੱਕ ਕਮਰੇ ਦੀ ਬਾਲਿਆਂ ਵਾਲੀ ਛੱਤ ਡਿੱਗ ਗਈ | ਜਿਸ ਕਾਰਨ ਕਮਰੇ ਵਿਚ ਪਿਆ ਪੱਖਾ, ਟੀ.ਵੀ., ਮੰਜੇ ਅਤੇ ਹੋਰ ਖਾਣ ਪੀਣ ਦਾ ਸਮਾਨ ਖਰਾਬ ਹੋ ਗਿਆ | ਪੀੜਤ ਪਰਿਵਾਰਾਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |