ਸਨੌਰ, 5 ਸਤੰਬਰ (ਮੋਹਣ ਸਿੰਘ ਭੱਟੀ)-ਪੰਜਾਬ ਦੇ ਪ੍ਰਮੁੱਖ ਕਿਸਾਨ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਮੋਹਣੀ ਭਾਂਖਰ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਹਾਲਾਤਾਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਿਆਸੀ ਆਗੂਆਂ ਨੂੰ ਫੋਕੀ ਬਿਆਨਬਾਜ਼ੀ ਅਤੇ ਫ਼ੋਟੋ ਸਿਆਸਤ ਤੋਂ ਗੁਰੇਜ਼ ਕਰਨ ਦੀ ਸਖ਼ਤ ਤਾੜਨਾ ਕੀਤੀ ਹੈ | ਇੱਥੇ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਕੁਦਰਤੀ ਕਰੋਪੀ ਕਾਰਨ ਪੰਜਾਬ ਵਾਸੀਆਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ | ਹੜ੍ਹਾਂ ਨੇ ਜਿੱਥੇ ਫ਼ਸਲਾਂ ਅਤੇ ਪਸ਼ੂਆਂ ਲਈ ਹਰਾ ਚਾਰਾ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ, ਉੱਥੇ ਹੀ ਅਨੇਕਾਂ ਗ਼ਰੀਬ ਪਰਿਵਾਰਾਂ ਦੇ ਘਰ ਢਹਿ-ਢੇਰੀ ਹੋ ਗਏ ਹਨ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ | ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਅਜਿਹੀ ਔਖੀ ਘੜੀ ਵਿਚ, ਕਈ ਵਾਰ ਸੱਤਾ ਦਾ ਸੁੱਖ ਭੋਗ ਚੁੱਕੇ ਬਹੁਤੇ ਆਗੂ ਪਿੰਡਾਂ ਵਿਚ ਪਹੁੰਚ ਕੇ ਪੀੜਤਾਂ ਨਾਲ ਹਮਦਰਦੀ ਜਤਾਉਣ ਦੀ ਥਾਂ ਸਿਰਫ਼ ਫ਼ੋਟੋਆਂ ਖਿਚਵਾ ਕੇ ਆਪਣੀ ਸਿਆਸਤ ਚਮਕਾਉਣ ਵਿਚ ਲੱਗੇ ਹੋਏ ਹਨ, ਜੋ ਕਿ ਇਕ ਬੇਹੱਦ ਮੰਦਭਾਗਾ ਰੁਝਾਨ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਕੌਮ ਬਹਾਦਰ ਹੈ ਅਤੇ ਹਰ ਔਖੀ ਘੜੀ ਦਾ ਸਾਹਮਣਾ ਕਰਕੇ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਜਾਣਦੀ ਹੈ, ਪਰ ਉਹ ਇਸ ਦੁਖਾਂਤ ਤੇ ਸਿਆਸਤ ਕਰ ਰਹੇ ਆਗੂਆਂ ਨੂੰ ਕਦੇ ਮੁਆਫ਼ ਨਹੀਂ ਕਰੇਗੀ | ਸ. ਮੋਹਣੀ ਭਾਂਖਰ ਨੇ ਮੰਗ ਕੀਤੀ ਕਿ ਜਿਹੜੇ ਵੀ ਲੀਡਰ ਪਿਛਲੇ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਜਿਵੇਂ ਕਿ ਸਿਰਕੱਪੜਾ ਪੁਲ, ਅਰਨੌਲੀ, ਹਡਾਣਾ ਪੁਲ, ਟਾਂਗਰੀ ਪਾਰ ਅਤੇ ਮਹਿਮੂਦਪੁਰ ਆਦਿ ਦਾ ਦੌਰਾ ਕਰ ਰਹੇ ਹਨ, ਉਹ ਖਾਲੀ ਹੱਥ ਨਾ ਆਉਣ | ਉਨ੍ਹਾਂ ਨੂੰ ਲੋੜਵੰਦਾਂ ਲਈ ਤੁਰੰਤ ਰਾਸ਼ਨ, ਪਸ਼ੂਆਂ ਲਈ ਹਰਾ ਚਾਰਾ, ਦਵਾਈਆਂ ਅਤੇ ਹਰ ਪ੍ਰਭਾਵਿਤ ਪਰਿਵਾਰ ਨੂੰ 2 ਤੋਂ 4 ਲੱਖ ਰੁਪਏ ਦੀ ਫ਼ੌਰੀ ਮਾਲੀ ਸਹਾਇਤਾ ਦੇ ਕੇ ਜਾਣੀ ਚਾਹੀਦੀ ਹੈ |