ਪਟਿਆਲਾ, 5 ਸਤੰਬਰ (ਮਨਦੀਪ ਸਿੰਘ ਖਰੌੜ)-ਸਰਕਾਰੀ ਰਾਜਿੰਦਰਾ ਹਸਪਤਾਲ 'ਚ ਰਿਸ਼ਤੇਦਾਰ ਕੋਲ ਆਪਣੀ ਮਾਂ ਸਮੇਤ ਦੇਖਭਾਲ ਲਈ ਰਹਿ ਰਹੀ ਨਾਬਾਲਗ ਲੜਕੀ ਭੇਦ ਭਰੇ ਹਾਲਾਤ 'ਚ ਲਾਪਤਾ ਹੋ ਗਈ ਹੈ | ਲੜਕੀ ਦੇ ਪਿਤਾ ਨੇ ਥਾਣਾ ਸਿਵਲ ਲਾਈਨ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਭਰਜਾਈ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦਾਖਲ ਸੀ ਜਿਸ ਦੀ ਦੇਖਭਾਲ ਲਈ ਉਸ ਦੀ ਪਤਨੀ ਅਤੇ ਲੜਕੀ ਰੁਕੀ ਹੋਈ ਸੀ | ਬੀਤੀ 30 ਅਗਸਤ ਦੀ ਰਾਤ ਨੂੰ ਉਸ ਦੀ ਪਤਨੀ ਨੇ ਦਸਿਆ ਕਿ ਲੜਕੀ ਕਿਤੇ ਚਲੀ ਗਈ ਹੈ ਅਤੇ ਉਨ੍ਹਾਂ ਲੜਕੀ ਦੀ ਕਾਫੀ ਭਾਲ ਕੀਤੀ ਪਰ ਉਸ ਬਾਰੇ ਕੁੱਝ ਵੀ ਪਤਾ ਨਹੀਂ ਲੱਗਾ | ਸ਼ਿਕਾਇਤਕਰਤਾ ਨੇ ਖ਼ਦਸ਼ਾ ਪ੍ਰਗਟਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਕਿਸੇ ਨੇ ਹਿਰਾਸਤ 'ਚ ਰਖਿਆ ਹੋਇਆ ਹੈ | ਜਿਸ ਅਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ |