ਬਨੂੜ, 24 ਸਤੰਬਰ (ਭੁਪਿੰਦਰ ਸਿੰਘ)-ਖੇਤ ਮਜ਼ਦੂਰ ਯੂਨੀਅਨ ਅਤੇ ਡਾ. ਅੰਬੇਦਕਰ ਸਭਾ ਵਲੋਂ ਬਨੂੜ ਥਾਣੇ ਦਾ ਘਿਰਾਓ ਕਰਨ ਦੇ ਐਲਾਨ ਤੋਂ ਪਹਿਲਾਂ ਹੀ ਬਨੂੜ ਪੁਲਿਸ ਨੇ ਸੜਕ ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੇ ਮਾਮਲੇ 'ਚ ਚਾਲਾਨ ਪੇਸ਼ ਕਰ ਦਿੱਤਾ | ਅੱਜ ਮਿਥੇ ਸਮੇਂ 'ਤੇ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸਤਪਾਲ ਸਿੰਘ ਰਾਜੋਮਾਜਰਾ, ਸਭਾ ਦੇ ਆਗੂ ਜਗਤਾਰ ਸਿੰਘ ਜੱਗੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਲੋਕ ਪਾਰਕ 'ਚ ਇਕੱਠੇ ਹੋਏ | ਜਿਸ ਵਿਚ ਸਿਆਸੀ ਪਾਰਟੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸੀਪੀਐਮ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਕਿਸਾਨ ਆਗੂ ਮੋਹਨ ਸਿੰਘ ਸੋਢੀ, ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਬਨੂੜ, ਸਭਾ ਦੇ ਆਗੂ ਨੇਤਰ ਸਿੰਘ ਨਾਭਾ, ਹਰਵਿੰਦਰ ਸਿੰਘ ਮਨੌਲੀ ਸੂਰਤ, ਦੇਸ ਰਾਜ, ਹਰਨੇਕ ਸਿੰਘ ਨੰਡਿਆਲੀ ਆਦਿ ਨੇ ਪੁਲਿਸ ਦੀ ਕਾਰਗੁਜ਼ਾਰੀ ਦੀ ਤਿੱਖੀ ਨੁਕਤਾਚਿਨੀ ਕੀਤੀ | ਉਨ੍ਹਾਂ ਬਨੂੜ ਪੁਲਿਸ 'ਤੇ ਲੋਕਾਂ ਨੂੰ ਖੱਜਲ-ਖੁਆਰ ਕਰਨ ਦੇ ਦੋਸ਼ ਵੀ ਲਾਏ | ਇਸ ਮੌਕੇ ਮਿ੍ਤਕਾ ਗਗਨਦੀਪ ਦੇ ਪਿਤਾ ਰਘਬੀਰ ਸਿੰਘ, ਮਾਤਾ ਰੀਨਾ ਰਾਣੀ, ਭੈਣ ਕੁਸ਼ਲਦੀਪ ਕੌਰ, ਭਰਾ ਹਰਮਨਜੋਤ ਸਿੰਘ, ਸਕੁੰਤਲਾ ਦੇਵੀ, ਦਾਦੀ ਸਤਿਆ, ਸਰੋਜ ਰਾਣੀ ਆਦਿ ਨੇ ਕਿਹਾ ਕਿ ਉਹ ਪੁਲਿਸ ਦੀ ਕਾਰਗੁਜ਼ਾਰੀ ਤੋਂ ਅੱਕ ਚੁੱਕੇ ਹਨ | ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ | ਦੱਸਣਯੋਗ ਹੈ, ਕਿ ਢਾਈ ਸਾਲ ਪਹਿਲਾਂ ਤੇਪਲਾ ਮਾਰਗ 'ਤੇ ਇਕ ਮੋਟਰਸਾਈਕਲ 'ਤੇ ਸਵਾਰ ਗਗਨਦੀਪ ਸਿੰਘ ਚੰਗੇਰਾ ਅਤੇ ਸ਼ਿੰਦਾ ਸਿੰਘ ਖਲੋਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਪਰ ਪੁਲਿਸ ਨੇ ਇਸ ਮਾਮਲੇ ਵਿਚ ਚਾਲਾਨ ਪੇਸ਼ ਨਹੀ ਕੀਤਾ, ਜਦਕਿ ਮਿ੍ਤਕਾ ਦੇ ਮਾਪੇ ਤੇ ਇਲਾਕੇ ਦੇ ਮੁਹਤਬਰ ਵਿਅਕਤੀ ਲਗਾਤਾਰ ਪੁਲਿਸ ਕੋਲ ਗੁਹਾਰ ਲਾਉਂਦੇ ਰਹੇ | ਇਨਸਾਫ਼ ਦੀ ਉਡੀਕ ਲੰਮੀ ਹੋਣ ਕਾਰਨ ਪਰਿਵਾਰਿਕ ਮੈਂਬਰਾਂ ਨੇ ਥਾਣੇ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ | ਜਿਸ ਕਾਰਨ ਲੰਘੇ ਸਨਿੱਚਰਵਾਰ ਨੂੰ ਪੁਲਿਸ ਨੇ ਚਲਾਨ ਪੇਸ਼ ਕਰਕੇ ਚਾਲਾਨ ਦੀ ਫ਼ੋਟੋ ਕਾਪੀਆਂ ਆਗੂਆਂ ਕੋਲ ਭੇਜ ਦਿੱਤੀਆਂ | ਇਸ ਮਾਮਲੇ ਸੰਬੰਧੀ ਥਾਣਾ ਮੁਖੀ ਬਨੂੜ ਅਰਸ਼ਦੀਪ ਸ਼ਰਮਾ ਨੇ ਕਿਹਾ ਕਿ ਸਨਿੱਚਰਵਾਰ ਨੂੰ ਚਾਲਾਨ ਪੇਸ਼ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਆਪਣੇ ਤਿੰਨ ਮਹੀਨੇ ਦੇ ਕਾਰਜਕਾਲ ਵਿਚ ਚਾਲਾਨ ਪੇਸ਼ ਕੀਤਾ ਹੈ |