ਪਟਿਆਲਾ, 24 ਸਤੰਬਰ (ਅ.ਸ. ਆਹਲੂਵਾਲੀਆ)-ਕੇਂਦਰ ਸਰਕਾਰ ਵਲੋਂ ਜੀ.ਐੱਸ.ਟੀ. ਦਰਾਂ ਦੀ ਕਟੌਤੀ ਨੂੰ ਇਕ ਇਤਿਹਾਸਕ ਸੁਧਾਰ ਦੱਸਦਿਆਂ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਾਗਰਿਕਾਂ ਲਈ ਦੀਵਾਲ਼ੀ ਦਾ ਤੋਹਫ਼ਾ ਹੈ | ਰੋਜਾਨਾ ਵਰਤੋਂ ਵਿਚ ਆਉਂਦੀਆਂ ਕਈ ਜ਼ਰੂਰੀ ਵਸਤਾਂ ਜਿਵੇਂ ਕਿ ਕਾਸਮੈਟਿਕਸ, ਡੇਅਰੀ ਉਤਪਾਦ, ਬਰਤਨ ਅਤੇ ਬੱਚਿਆਂ ਦੇ ਉਤਪਾਦਾਂ 'ਤੇ ਟੈਕਸ 12 ਫ਼ੀਸਦੀ ਤੋਂ ਘਟਾ ਕੇ ਸਿਰਫ 5 ਫ਼ੀਸਦੀ ਕਰ ਦਿੱਤਾ ਗਿਆ ਹੈ | ਇਹ ਗੱਲ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਵਲੋਂ ਕਹੀ ਗਈ | ਉਨ੍ਹਾਂ ਨੇ ਕਿਹਾ ਕਿ ਸਿਹਤ ਬੀਮੇ, ਜਿਸ 'ਤੇ ਪਹਿਲਾਂ 18 ਫ਼ੀਸਦੀ ਟੈਕਸ ਲੱਗਦਾ ਸੀ, ਹੁਣ 0 ਫ਼ੀਸਦੀ ਜੀ.ਐਸ.ਟੀ. ਨਾਲ ਪੂਰੀ ਤਰ੍ਹਾਂ ਟੈਕਸ ਮੁਕਤ ਕਰ ਦਿੱਤਾ ਗਿਆ ਹੈ | ਜਿਸ ਨਾਲ ਆਮ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ | ਇਸ ਤੋਂ ਇਲਾਵਾ ਨਵੇਂ ਟੈਕਸ ਸੁਧਾਰਾਂ ਤਹਿਤ 12 ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਨਾਗਰਿਕਾਂ ਨੂੰ ਕੋਈ ਇਨਕਮ ਟੈਕਸ ਨਹੀਂ ਦੇਣਾ ਪਵੇਗਾ ਜਿਸ ਨਾਲ ਆਮ ਆਦਮੀ ਨੂੰ ਵੀ ਬਹੁਤ ਰਾਹਤ ਮਿਲੀ ਹੈ | ਸ੍ਰੀ ਸਰੀਨ ਮੁਤਾਬਿਕ ਇਹ ਸੁਧਾਰ ਵਿਕਸਿਤ ਭਾਰਤ ਅਤੇ ਆਤਮ ਨਿਰਭਰ ਭਾਰਤ ਲਈ ਪ੍ਰਧਾਨ ਮੰਤਰੀ ਦੀ ਦੂਰ-ਅੰਦੇਸ਼ੀ ਨੂੰ ਦਰਸਾਉਂਦੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਤਹਿਤ ਹਾਈਵੇਅ ਉਸਾਰੀ ਦੀ ਰਫ਼ਤਾਰ ਵਿਚ 60 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਜ਼ੀਰੋ ਭਿ੍ਸ਼ਟਾਚਾਰ ਨੀਤੀ ਲਾਭਪਾਤਰੀਆਂ ਤੱਕ ਸੌ ਫ਼ੀਸਦੀ ਸਕੀਮਾਂ ਦੇ ਲਾਭ ਸਿੱਧੇ ਪਹੁੰਚਦੇ ਹਨ | ਇਸ ਮੌਕੇ ਮੌਜੂਦ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਪ੍ਰਧਾਨ ਮੰਤਰੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਰਾਜਪੁਰਾ-ਮੁਹਾਲੀ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ 443 ਕਰੋੜ ਦੀ ਲਾਗਤ ਨਾਲ ਮਨਜ਼ੂਰ ਹੋਈ 18 ਕਿੱਲੋਮੀਟਰ ਦੀ ਇਹ ਲਾਈਨ ਯਾਤਰਾ ਦਾ ਸਮਾਂ ਘਟਾ ਕੇ ਅਤੇ ਚੰਡੀਗੜ੍ਹ ਨਾਲ ਸੰਪਰਕ ਨੂੰ ਮਜ਼ਬੂਤ ਕਰਕੇ ਮਾਲਵਾ ਖੇਤਰ ਨੂੰ ਲਾਭ ਪਹੁੰਚਾਏਗੀ | ਉਨ੍ਹਾਂ ਨੇ ਫਿਰੋਜ਼ਪੁਰ-ਦਿੱਲੀ ਰੂਟ 'ਤੇ ਬਠਿੰਡਾ, ਧੂਰੀ, ਪਟਿਆਲਾ ਅਤੇ ਅੰਬਾਲਾ ਰਾਹੀਂ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ ਦਾ ਵੀ ਸਵਾਗਤ ਕੀਤਾ | ਇਸ ਮੌਕੇ ਪਟਿਆਲਾ ਸ਼ਹਿਰੀ ਪ੍ਰਧਾਨ ਵਿਜੇ ਕੁਮਾਰ ਕੂਕਾ, ਸਿਕੰਦਰ ਸਿੰਘ, ਹਰਦੇਵ ਸਿੰਘ ਬੱਲੀ ਅਤੇ ਹੋਰ ਆਗੂ ਵੀ ਮੌਜੂਦ ਸਨ |