ਦੇਵੀਗੜ੍ਹ, 25 ਸਤੰਬਰ (ਰਾਜਿੰਦਰ ਸਿੰਘ ਮੌਜੀ)-ਡਾ. ਬੀ.ਐਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ ਜੁਲਾਹ ਖੇੜੀ ਦੀਆਂ ਖਿਡਾਰਨਾਂ ਨੇ ਖੇਲੋ ਇੰਡੀਆ ਸਟੇਟ ਕਿਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਆਪਣੀ ਕਾਬਲੀਅਤ ਸਾਬਤ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਰਾਜ ਪੱਧਰੀ ਮੁਕਾਬਲਾ ਮਲਟੀਪਰਪਜ਼ ਸਕੂਲ, ਪਟਿਆਲਾ ਵਿਚ ਹੋਇਆ | ਇਸ ਚੈਂਪੀਅਨਸ਼ਿਪ ਵਿਚ ਸਕੂਲ ਦੀਆਂ ਹੋਣਹਾਰ ਖਿਡਾਰਨਾਂ ਨੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਵੱਖ-ਵੱਖ ਕੈਟੇਗਰੀਜ਼ ਵਿਚ ਤਗਮੇ ਜਿੱਤ ਕੇ ਆਪਣੇ ਸਕੂਲ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ | ਗੈਰੀ ਨੇ ਸ਼ਾਨਦਾਰ ਖੇਡ ਦਿਖਾ ਕੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ | ਉਸ ਦੇ ਨਾਲ ਖੁਸ਼ਲੀਨ ਕੌਰ ਅਤੇ ਸੋਨਾਕਸ਼ੀ ਨੇ ਚਾਂਦੀ ਦੇ ਤਗਮੇ ਜਿੱਤੇ, ਜਦਕਿ ਗੁਰਨੂਰ ਕੌਰ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ | ਇਹ ਉਪਲਬਧੀ ਨਾ ਸਿਰਫ਼ ਖਿਡਾਰੀਆਂ ਦੀ ਵਿਅਕਤੀਗਤ ਮਿਹਨਤ ਦਾ ਸਬੂਤ ਹੈ, ਸਗੋਂ ਪਿੰਡ ਤੇ ਖੇਤਰ ਲਈ ਵੀ ਮਾਣ ਦੀ ਗੱਲ ਹੈ | ਗੈਰੀ ਦੀ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਉਸ ਦੀ ਚੋਣ ਹੁਣ ਆਉਣ ਵਾਲੀ ਨੌਰਥ ਇੰਡੀਆ ਨੈਸ਼ਨਲ ਕਿਕ ਬਾਕਸਿੰਗ ਚੈਂਪੀਅਨਸ਼ਿਪ ਲਈ ਹੋ ਚੁੱਕੀ ਹੈ | ਇਹ ਚੋਣ ਖਿਡਾਰਨ ਅਤੇ ਸਕੂਲ ਦੋਵਾਂ ਲਈ ਵੱਡੀ ਉਪਲੱਬਧੀ ਮੰਨੀ ਜਾ ਰਹੀ ਹੈ ਕਿਉਂਕਿ ਇਸ ਨਾਲ ਸਕੂਲ ਦਾ ਨਾਮ ਰਾਜ ਪੱਧਰ ਤੋਂ ਬਾਹਰ ਰਾਸ਼ਟਰੀ ਪੱਧਰ 'ਤੇ ਵੀ ਅੱਗੇ ਆਵੇਗਾ | ਇਸ ਮੌਕੇ ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ ਨੇ ਇਨ੍ਹਾਂ ਜੇਤੂ ਖਿਡਾਰਨਾਂ ਨੂੰ ਉਨ੍ਹਾਂ ਦੀ ਸਫਲਤਾ 'ਤੇ ਮੁਬਾਰਕਵਾਦ ਦਿੱਤੀ | ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਸਿਰਫ਼ ਖਿਡਾਰੀਆਂ ਦੀ ਮਿਹਨਤ ਦਾ ਹੀ ਨਤੀਜਾ ਨਹੀਂ, ਸਗੋਂ ਇਸ ਵਿਚ ਸਕੂਲ ਦੇ ਕਿੱਕ ਬਾਕਸਿੰਗ ਕੋਚ ਰਵਿੰਦਰ ਸਿੰਘ ਦੀ ਸਖ਼ਤ ਟ੍ਰੇਨਿੰਗ ਅਤੇ ਸਪੋਰਟਸ ਕੋਆਰਡੀਨੇਟਰ ਅਵਤਾਰ ਸਿੰਘ ਦੀ ਲਗਾਤਾਰ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਵੀ ਮਹੱਤਵਪੂਰਨ ਯੋਗਦਾਨ ਹੈ | ਇਸ ਮੌਕੇ ਪਿ੍ੰਸੀਪਲ ਰਜਿੰਦਰ ਕੌਰ ਸੰਧੂ ਨੇ ਕਿਹਾ ਕਿ ਆਗਾਮੀ ਸਮੇਂ ਵਿੱਚ ਵੀ ਖਿਡਾਰੀਆਂ ਨੂੰ ਹਰ ਸੰਭਵ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਆਪਣੀ ਕਾਬਲਿਅਤ ਸਾਬਤ ਕਰ ਸਕਣ | ਇਸ ਮੌਕੇ ਪਿ੍ੰਸੀਪਲ ਤਰਨਦੀਪ ਕੌਰ ਅਰੋੜਾ ਵੀ ਹਾਜ਼ਰ ਸਨ |