ਦੇਵੀਗੜ੍ਹ, 25 ਸਤੰਬਰ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੇਵੀਗੜ੍ਹ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ 'ਤੇ ਕਰਵਾਏ 69ਵੀਂ ਹੈਂਡਬਾਲ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ | ਇਹ ਟੂਰਨਾਮੈਂਟ ਪਟਿਆਲਾ ਦੇ ਪੋਲੋਗਰਾਊਾਡ ਵਿਚ ਕਰਵਾਇਆ ਗਿਆ | ਇਸ ਮੌਕੇ ਅੰਡਰ-17 ਸ਼੍ਰੈਣੀ ਵਿੱਚ ਸਕੂਲ ਦੇ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਿਸ ਵਿਚ ਅੰਮਿ੍ਤ ਸਿੰਘ, ਤਨਵੀਰ ਸਿੰਘ ਅਤੇ ਜਪਜੀਤ ਸਿੰਘ ਨੇ ਸੋਨੇ ਦਾ ਮੈਡਲ ਜਿੱਤ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ | ਉਨ੍ਹਾਂ ਦੀ ਖੇਡ ਨੇ ਇਹ ਸਾਬਤ ਕਰ ਦਿੱਤਾ ਕਿ ਮਿਹਨਤ ਅਤੇ ਟੀਮ ਵਰਕ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ | ਇਸੇ ਤਰ੍ਹਾਂ ਅੰਡਰ-19 ਵਰਗ ਵਿਚ ਵੀ ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਲਈ ਇਤਿਹਾਸਕ ਸਾਬਤ ਹੋਈ | ਇਸ ਸ਼੍ਰੇਣੀ ਵਿਚ ਹਰਸ਼ਪ੍ਰੀਤ ਸਿੰਘ, ਏਕਮ ਸਿੰਘ, ਨਵਦੀਪ ਸਿੰਘ, ਹਰਸ਼ਿਤ, ਹਰਮਨ, ਵਿਕਰਮ ਸਿੰਘ ਅਤੇ ਸੁਖਮਨ ਸਿੰਘ ਨੇ ਖੇਡ ਦੇ ਜੌਹਰ ਦਿਖਾ ਕੇ ਸੋਨੇ ਦੇ ਤਗਮੇ ਆਪਣੇ ਕਬਜ਼ੇ ਵਿਚ ਕੀਤੇ | ਫਾਈਨਲ ਮੈਚ ਦੌਰਾਨ ਖਿਡਾਰੀਆਂ ਨੇ ਜ਼ਬਰਦਸਤ ਜੋਸ਼ ਤੇ ਜੁਨੂਨ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਦਰਸ਼ਕਾਂ ਨੇ ਵੀ ਖੂਬ ਹੋਸਲਾ-ਅਫਜ਼ਾਈ ਕੀਤੀ | ਇਸ ਇਤਿਹਾਸਕ ਜਿੱਤ ਦੇ ਮੌਕੇ 'ਤੇ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ, ਪਿ੍ੰਸੀਪਲ ਮਮਤਾ ਮੱਕੜ, ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਅਤੇ ਟੀਮ ਦੇ ਕੋਚ ਸਮੀਰ ਮੁਹੰਮਦ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ | ਇਸ ਮੌਕੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਕਿਹਾ ਕਿ ਕਿ ਖੇਡਾਂ ਨਾਲ ਨਾ ਸਿਰਫ਼ ਸਰੀਰਕ ਵਿਕਾਸ ਹੁੰਦਾ ਹੈ, ਸਗੋਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਟੀਮ ਵਰਕ ਅਤੇ ਸਹਿਨਸ਼ੀਲਤਾ ਵਰਗੇ ਗੁਣਾਂ ਦਾ ਵਿਕਾਸ ਵੀ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਕੂਲ ਦੇ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਜੋਸ਼ ਨਾਲ ਸਾਬਤ ਕਰ ਦਿੱਤਾ ਕਿ ਜੇ ਲਗਨ ਸਾਫ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ |